Stomach health home remedies: ਪੇਟ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ ਪਰ ਅੱਜ ਕੱਲ੍ਹ ਦੇ ਲਾਈਫਸਟਾਈਲ ‘ਚ ਕਬਜ਼ ਇੱਕ ਆਮ ਸਮੱਸਿਆ ਬਣ ਗਈ ਹੈ। ਜੇਕਰ ਇਹ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹੇ ਤਾਂ ਸਰੀਰ ‘ਚ ਕਈ ਬੀਮਾਰੀਆਂ ਲੱਗ ਸਕਦੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਗਲਤ ਖਾਣ-ਪੀਣ, ਇਸ ਕਾਰਨ ਹਰ ਦੂਜੇ ਵਿਅਕਤੀ ਨੂੰ ਪੇਟ ਦਰਦ, ਗੈਸ ਬਣਨ ਜਾਂ ਪੇਟ ਫੁੱਲਣ ਦੀ ਸਮੱਸਿਆ ਹੁੰਦੀ ਹੈ। ਇੰਨਾ ਹੀ ਨਹੀਂ, ਕਬਜ਼ ਦੇ ਕਾਰਨ ਸਿਰ ਦਰਦ, ਪੇਟ ਦਰਦ, ਭੁੱਖ ਨਾ ਲੱਗਣਾ, ਜੀਅ ਕੱਚਾ ਹੋਣਾ ਵਰਗੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਸਮੱਸਿਆ ਹੈ ਤਾਂ ਕੁਝ ਘਰੇਲੂ ਨੁਸਖਿਆਂ ਨੂੰ ਅਜ਼ਮਾਓ ਜਿਸ ਨਾਲ ਕੁਝ ਰਾਹਤ ਮਿਲ ਸਕਦੀ ਹੈ।
ਨਿੰਬੂ: ਸਵੇਰੇ ਖਾਲੀ ਪੇਟ ਇਕ ਕੱਪ ਕੋਸੇ ਪਾਣੀ ‘ਚ ਅੱਧਾ ਨਿੰਬੂ ਨਿਚੋੜ ਕੇ ਉਸ ‘ਚ ਇਕ ਚੱਮਚ ਕੈਸਟਰ ਆਇਲ ਮਿਲਾ ਕੇ ਪੀਓ। ਇਸ ਨੂੰ ਪੀਣ ਦੇ 15-20 ਮਿੰਟ ਬਾਅਦ ਪੇਟ ਸਾਫ਼ ਹੋ ਜਾਵੇਗਾ। ਇਸ ਤੋਂ ਇਲਾਵਾ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਕੋਸੇ ਦੁੱਧ ‘ਚ 2-4 ਬੂੰਦਾਂ ਕੈਸਟਰ ਆਇਲ ਦੀਆਂ ਮਿਲਾਕੇ ਪੀਣ ਨਾਲ ਵੀ ਆਰਾਮ ਮਿਲਦਾ ਹੈ।
ਪਪੀਤਾ: ਰੋਜ਼ਾਨਾ ਘੱਟੋ-ਘੱਟ 250 ਗ੍ਰਾਮ ਪਪੀਤਾ ਖਾਣ ਨਾਲ ਵੀ ਪੇਟ ਸਾਫ਼ ਹੁੰਦਾ ਹੈ। ਪਪੀਤੇ ‘ਚ ਨਿੰਬੂ ਅਤੇ ਕਾਲੀ ਮਿਰਚ ਲਗਾਕੇ ਖਾਣਾ ਜ਼ਿਆਦਾ ਫਾਇਦੇਮੰਦ ਹੋਵੇਗਾ।
ਸ਼ਹਿਦ: ਰਾਤ ਨੂੰ ਇਕ ਕੱਪ ਦੁੱਧ ‘ਚ ਇਕ ਚੱਮਚ ਸ਼ੁੱਧ ਸ਼ਹਿਦ ਮਿਲਾ ਕੇ ਪੀਓ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੋਵੇਗੀ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ।
ਸੌਂਫ: ਭੋਜਨ ਤੋਂ ਬਾਅਦ 1 ਚੱਮਚ ਸੌਂਫ ਅਤੇ ਖੰਡ ਖਾਓ ਅਤੇ ਫਿਰ ਅੱਧੇ ਘੰਟੇ ਬਾਅਦ ਕੋਸਾ ਪਾਣੀ ਪੀਓ। ਤੁਸੀਂ ਚਾਹੋ ਤਾਂ ਇਸ ਦੀ ਬਜਾਏ ਅਜਵਾਇਣ ਵੀ ਖਾ ਸਕਦੇ ਹੋ। ਇਸ ਨਾਲ ਪੇਟ ਵੀ ਸਾਫ਼ ਰਹੇਗਾ।
ਕਾਲਾ ਨਮਕ: ਅੱਧੇ ਨਿੰਬੂ ਦੇ ਰਸ ‘ਚ ਕਾਲਾ ਨਮਕ ਮਿਲਾ ਕੇ ਸਵੇਰੇ ਗੁਣਗੁਣੇ ਪਾਣੀ ਨਾਲ ਸਵੇਰੇ ਖਾਲੀ ਪੇਟ ਸੇਵਨ ਕਰੋ। ਇਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋਣਗੀਆਂ।
ਆਂਵਲਾ: ਕੋਸੇ ਦੁੱਧ ਜਾਂ ਕੋਸੇ ਪਾਣੀ ‘ਚ 1 ਚੱਮਚ ਆਂਵਲਾ ਪਾਊਡਰ ਮਿਲਾ ਕੇ ਭੋਜਨ ਤੋਂ ਬਾਅਦ ਪੀਓ। ਆਂਵਲਾ ਪਾਊਡਰ ਕਬਜ਼ ਨੂੰ ਜੜ੍ਹ ਤੋਂ ਦੂਰ ਕਰਦਾ ਹੈ
ਅੰਜੀਰ: ਸੁੱਕੇ ਅੰਜੀਰ ਨੂੰ ਰਾਤ ਨੂੰ ਪਾਣੀ ‘ਚ ਭਿਓ ਕੇ ਸਵੇਰੇ ਚਬਾ ਕੇ ਖਾਓ। ਇਸ ਨੂੰ 5-6 ਦਿਨਾਂ ਤੱਕ ਲੈਣ ਨਾਲ ਕਬਜ਼ ਦੂਰ ਹੋ ਜਾਵੇਗੀ।
ਘਿਓ: ਇੱਕ ਛੋਟੇ ਕੱਪ ਕੋਸੇ ਦੁੱਧ ‘ਚ 1 ਚੱਮਚ ਘਿਓ ਮਿਲਾ ਕੇ ਰਾਤ ਨੂੰ ਸੌਂਣ ਤੋਂ ਪਹਿਲਾਂ ਪੀਓ। ਦੁੱਧ ‘ਚ ਹਲਦੀ ਮਿਲਾ ਕੇ ਪੀਣ ਨਾਲ ਵੀ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ।