Uric Acid home remedies: ਯੂਰਿਕ ਐਸਿਡ ਦੀ ਸਮੱਸਿਆ ਹੁਣ ਆਮ ਸੁਣਨ ਨੂੰ ਮਿਲ ਰਹੀ ਹੈ। ਜਦੋਂ ਇਹ ਆਊਟ ਆਫ ਕੰਟਰੋਲ ਹੋ ਜਾਂਦਾ ਹੈ ਤਾਂ ਇਹ ਗਠੀਏ ਦਾ ਰੂਪ ਲੈ ਲੈਂਦਾ ਹੈ। ਆਮ ਤੌਰ ‘ਤੇ ਇਸਦਾ ਲੈਵਲ ਔਰਤਾਂ ‘ਚ 2.6-6.0 mg/dl ਅਤੇ ਮਰਦਾਂ ‘ਚ 3.4-7.0 mg/dl ਹੋਣਾ ਚਾਹੀਦਾ ਹੈ ਜਦੋਂਕਿ ਇਸਦਾ ਲੈਵਲ ਵਧਦਾ ਹੈ ਤਾਂ ਜੋੜਾਂ, ਹੱਥਾਂ-ਪੈਰਾਂ ਅਤੇ ਕੂਹਣੀਆਂ ‘ਚ ਸੋਜ ਆਉਣ ਲੱਗਦੀ ਹੈ। ਕਿਸੇ ਵੀ ਬੀਮਾਰੀ ਨੂੰ ਕੰਟਰੋਲ ਕਰਨਾ ਹੈ ਤਾਂ ਸਿਰਫ ਦਵਾਈ ਦਾ ਸਹਾਰਾ ਨਾ ਲਓ ਬਲਕਿ ਇਸ ਦੇ ਨਾਲ ਡਾਇਟ ਹੋਣਾ ਅਤੇ ਕੁਝ ਚੀਜ਼ਾਂ ਤੋਂ ਪਰਹੇਜ਼ ਰੱਖਣਾ ਵੀ ਜ਼ਰੂਰੀ ਹੈ। ਜੇਕਰ ਤੁਸੀਂ ਵੀ ਇਸ ਬੀਮਾਰੀ ਤੋਂ ਪਰੇਸ਼ਾਨ ਹੋ ਤਾਂ ਕੁਝ ਇਲਾਜ ਨੁਸਖੇ ਯਾਦ ਰੱਖੋ ਜਿਸ ਨਾਲ ਇਸ ਤੋਂ ਛੁਟਕਾਰਾ ਮਿਲੇਗਾ।
ਪਰ ਕਿਸਦਾ ਯੂਰਿਕ ਐਸਿਡ ਵਧਦਾ ਹੈ ਅਤੇ ਕਿਉਂ? ਪਹਿਲਾਂ ਇਹ ਜਾਣੋ
ਜੋ ਲੋਕ ਆਇਰਨ ਅਤੇ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਲੈਂਦੇ ਹਨ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ, ਥਾਇਰਾਇਡ ਦੀ ਸ਼ਿਕਾਇਤ ਹੈ ਅਤੇ ਜੋ ਲੋਕ ਬਹੁਤ ਮੋਟੇ ਹਨ ਉਨ੍ਹਾਂ ਨੂੰ ਯੂਰਿਕ ਐਸਿਡ ਦੀ ਸਮੱਸਿਆ ਹੁੰਦੀ ਹੈ। ਸਭ ਤੋਂ ਪਹਿਲਾਂ ਹਾਈ ਪ੍ਰੋਟੀਨ ਵਾਲੀਆਂ ਚੀਜ਼ਾਂ ਖਾਣਾ ਬੰਦ ਕਰੋ ਜਿਵੇਂ ਦਹੀਂ, ਮੀਟ-ਮੱਛੀ, ਸੋਇਆ ਮਿਲਕ ਅਤੇ ਰਾਤ ਨੂੰ ਦਾਲ-ਚੌਲ ਆਦਿ। ਬਾਹਰ ਦਾ ਖਾਣਾ, ਤਲੀਆਂ-ਭੁੰਨੀਆਂ ਚੀਜ਼ਾਂ ਬੰਦ ਕਰੋ। ਰਾਜਮਾ, ਛੋਲੇ, ਅਰਬੀ, ਚੌਲ, ਮੈਦਾ, ਰੈੱਡ ਮੀਟ ਵਰਗੀਆਂ ਚੀਜ਼ਾਂ ਨਾ ਖਾਓ। ਕਿਸੇ ਵੀ ਫਰੂਟੋਜ਼ ਡ੍ਰਿੰਕਸ ਤੋਂ ਬਚੋ ਕਿਉਂਕਿ ਉਹ ਤੁਹਾਡੇ ਯੂਰਿਕ ਐਸਿਡ ਨੂੰ ਵਧਾਉਂਦੇ ਹਨ। ਇਹ ਗੱਲ ਇੱਕ ਖੋਜ ‘ਚ ਵੀ ਸਾਬਤ ਹੋਈ ਹੈ।
ਯੂਰਿਕ ਐਸਿਡ ਲਈ ਰਾਮਬਾਣ ਨੁਸਖ਼ੇ
- ਜੇਕਰ ਯੂਰਿਕ ਐਸਿਡ ਬਹੁਤ ਜ਼ਿਆਦਾ ਵਧ ਗਿਆ ਹੈ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਬਥੂਆ ਦੇ ਪੱਤਿਆਂ ਦਾ ਜੂਸ ਪੀਣਾ ਸ਼ੁਰੂ ਕਰ ਦਿਓ, ਇਸ ਦੇ 2 ਘੰਟੇ ਬਾਅਦ ਕੁਝ ਨਾ ਖਾਓ। ਅਜਿਹਾ ਕਰਨ ਨਾਲ ਯੂਰਿਕ ਐਸਿਡ ਕੰਟਰੋਲ ‘ਚ ਆ ਜਾਵੇਗਾ।
- ਵਿਟਾਮਿਨ ਸੀ ਦੀ ਭਰਪੂਰ ਮਾਤਰਾ ਲਓ ਕਿਉਂਕਿ ਵਿਟਾਮਿਨ ਸੀ ਟਾਇਲਟ ਰਾਹੀਂ ਯੂਰਿਕ ਐਸਿਡ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ। ਜੇਕਰ ਤੁਸੀਂ ਰੋਜ਼ਾਨਾ 500 ਮਿਲੀਗ੍ਰਾਮ ਵਿਟਾਮਿਨ ਸੀ ਲੈਂਦੇ ਹੋ ਤਾਂ ਯੂਰਿਕ ਐਸਿਡ ਦੋ ਮਹੀਨਿਆਂ ‘ਚ ਘੱਟ ਜਾਵੇਗਾ।
- ਪਾਣੀ ਦੀ ਮਾਤਰਾ ਵਧਾਓ। ਰੋਜ਼ਾਨਾ ਘੱਟੋ-ਘੱਟ 2-3 ਲੀਟਰ ਪਾਣੀ ਪੀਓ। ਜਿੰਨਾ ਜ਼ਿਆਦਾ ਪਾਣੀ ਪੀਓਗੇ ਓਨੀ ਹੀ ਜ਼ਿਆਦਾ ਸਰੀਰ ਦੀ ਮੈਲ ਬਾਹਰ ਨਿਕਲੇਗੀ।
- ਇਸ ਤੋਂ ਇਲਾਵਾ ਰੋਜ਼ਾਨਾ 2 ਤੋਂ 3 ਅਖਰੋਟ ਖਾਓ। ਰੋਜ਼ਾਨਾ ਇੱਕ ਸੇਬ ਖਾਓ, ਅਜਵਾਇਣ ਦਾ ਸੇਵਨ ਕਰੋ। ਸਲਾਦ ‘ਚ ਰੋਜ਼ਾਨਾ ਅੱਧਾ ਜਾਂ ਇੱਕ ਨਿੰਬੂ ਖਾਓ। ਜਾਂ ਦਿਨ ‘ਚ ਘੱਟੋ-ਘੱਟ ਇੱਕ ਵਾਰ ਇੱਕ ਗਲਾਸ ਪਾਣੀ ‘ਚ ਨਿੰਬੂ ਨਿਚੋੜ ਕੇ ਪੀਓ।
- ਰੋਜ਼ਾਨਾ ਇੱਕ ਚੱਮਚ ਫਲੈਕਸ ਦੇ ਬੀਜ ਚਬਾਓ ਇਸ ਨਾਲ ਵੀ ਯੂਰਿਕ ਐਸਿਡ ਕੰਟਰੋਲ ਹੋਵੇਗਾ।
- ਓਟਮੀਲ, ਦਲੀਆ, ਬੀਨਜ਼, ਬ੍ਰਾਊਨ ਰਾਈਸ, ਹਰੀਆਂ ਸਬਜ਼ੀਆਂ ਵਰਗੇ ਹਾਈ ਫਾਈਬਰ ਫੂਡਜ਼ ਖਾਓ।
- ਜੇਕਰ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਯੂਰਿਕ ਐਸਿਡ ਲੈਵਲ ਆਪਣੇ-ਆਪ ਕੰਟਰੋਲ ‘ਚ ਆ ਜਾਵੇਗਾ।