8 Immigrants Killed: ਵਿਦੇਸ਼ਾਂ ਵਿੱਚ ਆਵਾਜਾਈ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਬਹੁਤ ਸਖਤ ਨਿਯਮ ਬਣਾਏ ਗਏ ਹਨ। ਅਜਿਹਾ ਇੱਕ ਮਾਮਲਾ ਅਮਰੀਕਾ ਦੇ ਟੈਕਸਾਸ ਤੋਂ ਸਾਹਮਣੇ ਆਇਆ ਹੈ, ਜਿੱਥੇ ਆਵਾਜਾਈ ਨਿਯਮਾ ਦੀ ਉਲੰਘਣਾ ਕਰਨ ਤੋਂ ਬਾਅਦ ਪੁਲਿਸ ਤੋਂ ਬਚ ਕੇ ਭੱਜ ਰਿਹਾ ਇੱਕ ਪਿੱਕਅਪ ਟਰੱਕ ਦੂਜੇ ਹੋਰ ਟਰੱਕ ਨਾਲ ਟਕਰਾ ਗਿਆ। ਦਰਅਸਲ, ਇਹ ਮਾਮਲਾ ਟੈਕਸਾਸ ਦੇ ਡੇਲ ਰਿਓ ਸ਼ਹਿਰ ਦਾ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ ।
ਇਸ ਸਬੰਧੀ ਟੈਕਸਾਸ ਜਨ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਅਦ ਪੁਲਿਸ ਵੱਲੋਂ ਅਮਰੀਕਾ ਦੇ ਹਾਈਵੇਅ 277 ‘ਤੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੇ ਇੱਕ ਪਿੱਕਅਪ ਟਰੱਕ ਦਾ ਪਿੱਛਾ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਇਹ ਪਿੱਕਅਪ ਟਰੱਕ ਸਾਹਮਣਿਓਂ ਆ ਰਹੇ ਇੱਕ ਟਰੱਕ ਟਕਰਾ ਗਿਆ।
ਉਸ ਨੇ ਦੱਸਿਆ ਕਿ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਹਾਦਸੇ ਵਿੱਚ ਪਿੱਕਅਪ ਟਰੱਕ ਵਿੱਚ ਸਵਾਰ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਅਤੇ ਦੂਜੇ ਟਰੱਕ ਵਿੱਚ ਸਵਾਰ ਇੱਕ ਬੱਚਾ ਤੇ ਟਰੱਕ ਡਰਾਈਵਰ ਜ਼ਖਮੀ ਹੋ ਗਏ ਹਨ । ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਸਾਰੇ ਲੋਕ ਗੈਰ ਕਾਨੂੰਨੀ ਪ੍ਰਵਾਸੀ ਸਨ । ਇਹ ਸਾਰੇ ਮ੍ਰਿਤਕ ਮੈਕਸੀਕੋ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦੀ ਉਮਰ 18 ਤੋਂ 20 ਸਾਲ ਦੇ ਵਿਚਕਾਰ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਪਿੱਕਅਪ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।