ਇਤਿਹਾਸ ਵਿੱਚ 11 ਸਤੰਬਰ ਦਾ ਦਿਨ ਇੱਕ ਦੁਖਦਾਈ ਘਟਨਾ ਦੇ ਨਾਲ ਦਰਜ ਹੈ। ਅੱਜ ਦੇ ਦਿਨ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ‘ਤੇ ਇੱਕ ਜਾਨਲੇਵਾ ਅੱਤਵਾਦੀ ਹਮਲਾ ਕੀਤਾ ਗਿਆ ਸੀ, ਜਿਸਨੇ ਬਹੁਤ ਡੂੰਘਾ ਜ਼ਖਮ ਦਿੱਤਾ ।
ਅੱਜ ਇਸ ਹਮਲੇ ਦੀ 20 ਵੀਂ ਵਰ੍ਹੇਗੰਢ ਹੈ। ਇਸ ਮੌਕੇ ਰਾਸ਼ਟਰਪਤੀ ਜੋ ਬਾਇਡੇਨ ਨੇ ਟਵੀਟ ਕਰਕੇ ਅਮਰੀਕੀਆਂ ਨੂੰ ਇੱਕ ਸੰਦੇਸ਼ ਦਿੱਤਾ ਹੈ। ਸੰਦੇਸ਼ ਦਿੰਦਿਆਂ ਰਾਸ਼ਟਰਪਤੀ ਬਾਇਡੇਨ ਨੇ ਕਿਹਾ ਕਿ 11 ਸਤੰਬਰ 2001 ਦੇ 20 ਸਾਲਾਂ ਬਾਅਦ ਅਸੀਂ ਉਨ੍ਹਾਂ 2977 ਲੋਕਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਗਵਾਇਆ ਸੀ।
ਅਸੀਂ ਇਨ੍ਹਾਂ ਲੋਕਾਂ ਦਾ ਸਤਿਕਾਰ ਕਰਦੇ ਹਾਂ। ਜਿਵੇਂ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਦੇਖਿਆ, ਏਕਤਾ ਸਾਡੀ ਸਭ ਤੋਂ ਵੱਡੀ ਤਾਕਤ ਹੈ। ਇਹੀ ਸਾਨੂੰ ਦੱਸਦਾ ਹੈ ਕਿ ਅਸੀਂ ਕੌਣ ਹਾਂ ਅਤੇ ਅਸੀਂ ਇਸ ਹਮਲੇ ਨੂੰ ਕਦੇ ਵੀ ਨਹੀਂ ਭੁੱਲ ਸਕਦੇ।
ਗੌਰਤਲਬ ਹੈ ਕਿ ਬ੍ਰਿਟੇਨ ਨੇ ਤਾਲਿਬਾਨ ਵੱਲੋਂ ਇਸੇ ਤਰ੍ਹਾਂ ਦੇ ਹਮਲੇ ਦਾ ਖਤਰਾ ਪ੍ਰਗਟ ਕੀਤਾ ਹੈ। ਇਹ ਚਿਤਾਵਨੀ ਬ੍ਰਿਟਿਸ਼ ਖੁਫੀਆ ਏਜੰਸੀ ਦੇ ਮੁਖੀ ਕੇਨ ਮੈਕਕਲਮ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਤਾਲਿਬਾਨ ਰਾਜ ਵਿੱਚ ਅੱਤਵਾਦ ਵੱਧ ਸਕਦਾ ਹੈ। 9/11 ਵਰਗੇ ਅੱਤਵਾਦੀ ਹਮਲੇ ਦੁਬਾਰਾ ਹੋ ਸਕਦੇ ਹਨ।
ਦੱਸ ਦੇਈਏ ਕਿ ਇਸ ਹਮਲੇ ਦੀ ਵਰ੍ਹੇਗੰਢ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਨੇ ਹਰ ਤਰ੍ਹਾਂ ਨਾਲ ਅੱਤਵਾਦ ਨੂੰ ਰੋਕਣ ਅਤੇ ਇਸ ਦਾ ਮੁਕਾਬਲਾ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤਿਰੂਮੂਰਤੀ ਨੇ ਨਿਊਯਾਰਕ ਦੇ ਗਰਾਊਂਡ ਜ਼ੀਰੋ ‘ਤੇ ਪਹੁੰਚ ਕੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ । ਉਨ੍ਹਾਂ ਕਿਹਾ ਕਿ 9/11 ਦੀ ਯਾਦਗਾਰ ਸਾਨੂੰ ਅੱਤਵਾਦ ਨਾਲ ਲੜਨ ਦੇ ਸਾਡੇ ਸਮੂਹਿਕ ਸੰਕਲਪ ਦੀ ਯਾਦ ਦਿਵਾਉਂਦੀ ਹੈ।