America again targets China: ਕੋਰੋਨਾ ਵਾਇਰਸ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਾਲੇ ਤਣਾਅ ਹੋਰ ਵੀ ਵੱਧ ਗਿਆ ਹੈ। ਜਿਸ ਕਾਰਣ ਅਮਰੀਕਾ ਲਗਾਤਾਰ ਚੀਨ ਨੂੰ ਨਿਸ਼ਾਨ ਬਣਾ ਰਿਹਾ ਹੈ। ਹੁਣ ਇੱਕ ਵਾਰ ਫਿਰ ਅਮਰੀਕਾ ਨੇ ਚੀਨੀ ਕਮਿਊਨਿਸਟ ਪਾਰਟੀ ਨੂੰ ਨਿਸ਼ਾਨਾ ਬਣਾਇਆ ਹੈ। ਜਿਸ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਚੀਨ ‘ਤੇ ਗੰਭੀਰ ਦੋਸ਼ ਲਗਾਏ ਹਨ । ਉਨ੍ਹਾਂ ਕਿਹਾ ਚੀਨ ਨਾ ਸਿਰਫ ਦੇਸ਼ ਦੇ ਪੱਛਮੀ ਸ਼ਿਨਝਿਆਂਗ ਸੂਬੇ ਵਿੱਚ ਮੁਸਲਿਮ ਔਰਤਾਂ ਦੇ ਗਰਭਪਾਤ ਦੀ ਕੋਸ਼ਿਸ਼ ਕਰ ਰਿਹਾ ਹੈ, ਬਲਕਿ ਮਰਦਾਂ ਦੀ ਨਸਬੰਦੀ ਵੀ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਅਜਿਹੀਆਂ ਹਰਕਤਾਂ ਮਨੁੱਖਤਾ ਨੂੰ ਸ਼ਰਮਿੰਦਾ ਕਰਦੀਆਂ ਹਨ।
ਪੋਂਪਿਓ ਨੇ ਕਿਹਾ, ਮੈਂ ਕੁਝ ਹਫ਼ਤੇ ਪਹਿਲਾਂ ਚੀਨੀ ਕਮਿਊਨਿਸਟ ਪਾਰਟੀ ਬਾਰੇ ਇੱਕ ਰਿਪੋਰਟ ਪੜ੍ਹੀ ਸੀ ਜਿਸ ਵਿੱਚ ਦੇਸ਼ ਦੇ ਪੱਛਮੀ ਸੂਬੇ ਵਿੱਚ ਸਮੂਹਿਕ ਗਰਭਪਾਤ ਅਤੇ ਨਸਬੰਦੀ ਲਈ ਉਇਗਰ ਅਤੇ ਘੱਟਗਿਣਤੀ ਭਾਈਚਾਰਿਆਂ ਦੀਆਂ ਔਰਤਾਂ ਤੇ ਮਰਦਾਂ ਨੂੰ ਮਜਬੂਰ ਕਰਨ ਬਾਰੇ ਪੜ੍ਹਿਆ ਸੀ । ਇਹ ਸਭ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ । ਅਮਰੀਕਾ ਦੇ ਆਇਓਵਾ ਪ੍ਰਾਂਤ ਵਿੱਚ ਇੱਕ ਮੀਡੀਆ ਗੱਲਬਾਤ ਦੌਰਾਨ ਪੋਮਪੀਓ ਨੇ ਕਿਹਾ ਕਿ ਚੀਨ ਦੇ ਸ਼ਿਨਝਿਆਂਗ ਸੂਬੇ ਵਿੱਚ ਕਈ ਹਿਰਾਸਤ ਕੇਂਦਰ ਹਨ, ਜਿੱਥੇ ਮੁਸਲਮਾਨਾਂ ਦੀ ਧਾਰਮਿਕ ਆਜ਼ਾਦੀ ਖੋਹੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਚੀਨ ਆਪਣੇ ਖਿਲਾਫ਼ ਉੱਠਣ ਵਾਲੀ ਹਰ ਆਵਾਜ਼ ਨੂੰ ਦਬਾਉਣਾ ਚਾਹੁੰਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਤਹਿਤ ਉਹ ਹਾਂਗ ਕਾਂਗ ਅਤੇ ਤਾਇਵਾਨ ਵਿੱਚ ਹੋਏ ਵਿਰੋਧ ਨੂੰ ਦਬਾਉਣ ਲਈ ਹਰ ਕਦਮ ਚੁੱਕ ਰਿਹਾ ਹੈ । ਹਾਂਗ ਕਾਂਗ ਦੇ ਨਵੇਂ ਸੁੱਰਖਿਆ ਕਾਨੂੰਨ ਨੂੰ ਪੋਂਪੀਓ ਨੇ ਉਥੋਂ ਦੇ ਲੋਕਾਂ ਲਈ ਖਤਰਾ ਦੱਸਿਆ ਸੀ, ਜਿਸਦਾ ਅਸਰ ਜਲਦੀ ਹੀ ਵੇਖਣ ਨੂੰ ਮਿਲੇਗਾ । ਉਨ੍ਹਾਂ ਕਿਹਾ ਕਿ ਅਮਰੀਕਾ ਇਸ ਚਾਲ ਨੂੰ ਸਫਲ ਨਹੀਂ ਹੋਣ ਦੇਵੇਗਾ। ਪੋਂਪੀਓ ਨੇ ਅੱਗੇ ਕਿਹਾ ਕਿ ਇਹ ਵੀ ਇੱਕ ਸੱਚਾਈ ਹੈ ਕਿ ਚੀਨ ਗਲੋਬਲ ਕਮਿਊਨੀਕੇਸ਼ਨ ਨੈਟਵਰਕ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ । ਇਸ ਦੇ ਲਈ ਉਹ ਸਾਰੇ ਯਤਨ ਕਰ ਰਿਹਾ ਹੈ। ਉਥੇ ਦੀ ਹੁਆਵੇਈ ਕੰਪਨੀ ਆਪਣੇ ਨੈੱਟਵਰਕ ਦੀ ਵਰਤੋਂ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਜਾਸੂਸੀ ਲਈ ਕਰ ਰਹੀ ਹੈ । ਅਸੀਂ ਦੁਨੀਆ ਦੇ ਇਨ੍ਹਾਂ ਦੇਸ਼ਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇ ਉਹ ਹੁਆਵੇਈ ਨਾਲ ਕਾਰੋਬਾਰ ਕਰ ਰਹੇ ਹਨ ਤਾਂ ਇਹ ਮਨੁੱਖਤਾ ਦੇ ਵਿਰੁੱਧ ਵੀ ਜੁਰਮ ਹੋਵੇਗਾ ।