American flag lowered: ਚੇਂਗਦੂ: ਅਮਰੀਕਾ-ਚੀਨ ਵਿਚਾਲੇ ਤਣਾਅ ਦੀ ਸਥਿਤੀ ਲਗਾਤਾਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਨੇ ਸੋਮਵਾਰ ਨੂੰ ਆਪਣੇ ਸ਼ਹਿਰ ਚੇਂਗਦੂ ਵਿੱਚ ਸਥਿਤ ਅਮਰੀਕੀ ਵਣਜ ਦੂਤਘਰ ਦੀ ਇਮਾਰਤ ਤੋਂ ਅਮਰੀਕੀ ਝੰਡੇ ਨੂੰ ਹਟਾ ਦਿੱਤਾ ਹੈ। ਦਰਅਸਲ, ਪਿਛਲੇ ਹਫਤੇ ਅਮਰੀਕਾ ਨੇ ਚੀਨ ਤੋਂ ਆਪਣੇ ਗ੍ਰਹਿ ਸ਼ਹਿਰ ਹਿਊਸਟਨ ਸਥਿਤ ਉਸਦੇ ਵਣਜ ਦੂਤਘਰ ਨੂੰ ਬੰਦ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਚੀਨ ਨੇ ਵੀ ਸ਼ੁੱਕਰਵਾਰ ਨੂੰ ਜਵਾਬੀ ਕਾਰਵਾਈ ਕੀਤੀ ਅਤੇ ਇਸ ਨੂੰ ਚੇਂਗਦੂ ਵਿੱਚ ਕੌਂਸਲੇਟ ਬੰਦ ਕਰਨ ਲਈ ਕਿਹਾ। ਆਰਡਰ ਦੇ ਕੁਝ ਦਿਨਾਂ ਦੇ ਅੰਦਰ ਹੀ ਚੀਨ ਨੇ ਵੀ ਅਮਰੀਕੀ ਝੰਡਾ ਹਟਾਉਣ ਲਈ ਕਦਮ ਚੁੱਕੇ ਹਨ ।
ਵਣਜ ਦੂਤਘਰ ਬੰਦ ਕਰਨ ਦੇ ਇਨ੍ਹਾਂ ਆਦੇਸ਼ਾਂ ਵਿਚਾਲੇ ਦੋਨੋ ਦੇਸ਼ਾਂ ਦੇ ਸਬੰਧ ਇੱਕਦਮ ਤਣਾਅਪੂਰਨ ਹੋ ਚੱਲੇ ਹਨ। ਅਮਰੀਕਾ ਨੇ ਹਿਊਸਟਨ ਦੇ ਚੀਨੀ ਕੌਂਸਲੇਟ ਨੂੰ ਬੰਦ ਕਰਨ ਲਈ 72 ਘੰਟੇ ਦਿੱਤੇ ਸਨ, ਜਦੋਂ ਕਿ ਚੇਂਗਦੂ ਵਿੱਚ ਉਸਦੇ ਕਾਂਸੁਲੇਟ ਨੂੰ ਕਦੋਂ ਬੰਦ ਕਰਨ ਦਾ ਆਦੇਸ਼ ਹੈ, ਇਸ ‘ਤੇ ਕੋਈ ਜਾਣਕਾਰੀ ਨਹੀਂ ਹੈ।
ਚੇਂਗਦੂ ਕੌਂਸਲੇਟ ਨੂੰ ਜਾਣ ਵਾਲੀ ਸੜਕ ਸੋਮਵਾਰ ਨੂੰ ਬੰਦ ਕਰ ਦਿੱਤੀ ਗਈ ਸੀ। ਪੁਲਿਸ ਨੇ ਇਸ ਖੇਤਰ ਨੂੰ ਖਾਲੀ ਕਰਕੇ ਸੜਕਾਂ ਨੂੰ ਬਲਾਕ ਕਰ ਦਿੱਤਾ ਹੈ। ਸਰਕਾਰੀ ਮੀਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਕੌਂਸਲੇਟ ਦੇ ਸਟਾਫ ਮੈਂਬਰ ਸਵੇਰੇ 6 ਵਜੇ ਦੇ ਕਰੀਬ ਅਹਾਤੇ ਤੋਂ ਬਾਹਰ ਚਲੇ ਗਏ ਸਨ । ਸ਼ਨੀਵਾਰ-ਐਤਵਾਰ ਦੇ ਦੌਰਾਨ ਇੱਥੇ ਬਹੁਤ ਸਾਰੇ ਟਰੱਕ ਦਿਖਾਈ ਦਿੱਤੇ ਸਨ। ਸਫ਼ਾਈ ਕਰਮਚਾਰੀ ਇੱਥੋਂ ਕੂੜੇ ਦੇ ਵੱਡੇ ਥੈਲੇ ਲੈ ਕੇ ਜਾਂਦੇ ਵੇਖੇ ਗਏ । ਸ਼ਨੀਵਾਰ ਨੂੰ ਇਮਾਰਤ ਦੇ ਅਗਲੇ ਹਿੱਸੇ ਤੋਂ ਅਮਰੀਕੀ ਲੋਗੋ ਵੀ ਹਟਾਉਂਦੇ ਵੇਖਿਆ ਗਿਆ ਸੀ।
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਚੀਨ ਦਾ ਕਹਿਣਾ ਹੈ ਕਿ ਚੇਂਗਦੁ ਦੇ ਅਮਰੀਕੀ ਕੌਂਸਲੇਟ ਨੂੰ ਬੰਦ ਕਰਨਾ ‘ਅਮਰੀਕਾ ਵੱਲੋਂ ਚੁੱਕੇ ਕਦਮਾਂ ਕਾਰਨ ਜਾਇਜ਼ ਅਤੇ ਜ਼ਰੂਰੀ ਸੀ।’ ਚੀਨ ਨੇ ਇਹ ਵੀ ਦੋਸ਼ ਲਾਇਆ ਹੈ ਕਿ ਕੌਂਸਲੇਟ ਦਾ ਸਟਾਫ ਚੀਨੀ ਰਾਸ਼ਟਰੀ ਸੁਰੱਖਿਆ ਅਤੇ ਹਿੱਤਾਂ ਲਈ ਖਤਰਾ ਪੈਦਾ ਕਰ ਰਿਹਾ ਸੀ । ਉੱਥੇ ਹੀ ਅਮਰੀਕਾ ਦਾ ਕਹਿਣਾ ਹੈ ਕਿ ਚੀਨ ਦੇ ਹਿਊਸਟਨ ਕੌਂਸਲੇਟ ਵਿੱਚ ਅਮਰੀਕੀ ਕਾਰਪੋਰੇਟ ਸੀਕ੍ਰੇਟ, ਅਮਰੀਕੀ ਮਾਲਕੀਅਤ ਵਾਲੀ ਮੈਡੀਕਲ ਅਤੇ ਵਿਗਿਆਨਕ ਖੋਜ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।