Biden says US determined: ਭਾਰਤ ਅਤੇ ਅਮਰੀਕਾ ਦੋ ਅਜਿਹੇ ਦੇਸ਼ ਹਨ ਜੋ ਕੋਰੋਨਾ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ, ਪਰ ਅਮਰੀਕੀ ਰਾਸ਼ਟਰਪਤੀ ਵੱਲੋਂ ਭਾਰਤ ਦੀ ਕੋਰੋਨਾ ਵੈਕਸੀਨ ਬਣਾਉਣ ਲਈ ਲੋੜੀਂਦੇ ਕੱਚੇ ਪਦਾਰਥਾਂ ਦੇ ਨਿਰਯਾਤ ‘ਤੇ ਰੋਕ ਲਗਾਉਣ ਤੋਂ ਬਾਅਦ ਭਾਰਤ ਨੂੰ ਵੱਡਾ ਝਟਕਾ ਲੱਗਿਆਹੈ। ਅਮਰੀਕੀ ਰਾਸ਼ਟਰਪਤੀ ਦੇ ਇਸ ਫੈਸਲੇ ਦੀ ਭਾਰਤ ਸਮੇਤ ਹੋਰ ਥਾਵਾਂ ‘ਤੇ ਵੀ ਕਾਫੀ ਆਲੋਚਨਾ ਹੋਈ । ਪਰ ਭਾਰਤੀ NSA ਅਜੀਤ ਡੋਭਾਲ ਅਤੇ ਅਮਰੀਕੀ NSA ਜੇਕ ਸੁਲਿਵਨ ਵਿਚਕਾਰ ਗੱਲਬਾਤ ਤੋਂ ਬਾਅਦ ਇਹ ਮਾਮਲਾ ਸੁਲਝਦਾ ਜਾਪਦਾ ਹੈ। ਹੁਣ ਅਮਰੀਕਾ ਆਪਣੇ ਪਾਬੰਦੀ ਲਗਾਉਣ ਵਾਲੇ ਰੁਖ ਤੋਂ ਪਿੱਛੇ ਹਟ ਗਿਆ ਹੈ ਅਤੇ ਹਰ ਤਰ੍ਹਾਂ ਦੇ ਸਹਿਯੋਗ ਦੀ ਗੱਲ ਕਰ ਰਿਹਾ ਹੈ।
ਦਰਅਸਲ, ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ਤੇ ਦੇਸ਼ ਦੇ ਨਾਗਰਿਕਾਂ ਦੀ ਕੋਵਿਡ ਦੀ ਦੂਜੀ ਲਹਿਰ ਦੇ ਵਿਚਕਾਰ ਮਦਦ ਕਰਨ ਦਾ ਭਰੋਸਾ ਦਿੱਤਾ ਹੈ । ਅਮਰੀਕਾ ਦੀ ਚੋਟੀ ਦੀ ਲੀਡਰਸ਼ਿਪ ਨੇ ਟਵੀਟ ਕੀਤਾ ਹੈ ਕਿ ਉਹ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਲਈ ਮਦਦਗਾਰ ਸਿਹਤ ਸਹੂਲਤਾਂ ਦੀ ਸਪਲਾਈ ਜਾਰੀ ਰੱਖੇਗੀ।
ਇਸ ਤੋਂ ਇਲਾਵਾ ਬਾਇਡੇਨ ਨੇ ਇੱਕ ਟਵੀਟ ਵਿੱਚ ਕਿਹਾ, ‘ਜਿਵੇਂ ਭਾਰਤ ਨੇ ਅਮਰੀਕਾ ਨੂੰ ਲੋੜ ਦੇ ਸਮੇਂ ਵਿੱਚ ਮਦਦ ਕੀਤੀ, ਉਸੇ ਤਰ੍ਹਾਂ ਅਸੀਂ ਲੋੜ ਦੇ ਸਮੇਂ ਭਾਰਤ ਦੀ ਮਦਦ ਕਰਨ ਲਈ ਦ੍ਰਿੜ ਹਾਂ।’ ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਟਵਿੱਟਰ ਹੈਂਡਲ ਨਾਲ ਅਮਰੀਕਾ ਦੇ NSA ਦੇ ਟਵੀਟ ‘ਤੇ ਜਵਾਬ ਵਿੱਚ ਕਿਹਾ- ‘ਮਹਾਂਮਾਰੀ ਦੇ ਸ਼ੁਰੂਆਤੀ ਦੌਰ ਵਿੱਚ ਜਿਸ ਤਰ੍ਹਾਂ ਸਾਡੇ ਹਸਪਤਾਲਾਂ ‘ਤੇ ਦਬਾਅ ਦੇ ਸਮੇਂ ਭਾਰਤ ਨੇ ਮਦਦ ਕੀਤੀ । ਉਸੇ ਤਰ੍ਹਾਂ ਲੋੜ ਦੇ ਸਮੇਂ ਅਸੀਂ ਭਾਰਤ ਦੀ ਮਦਦ ਕਰਨ ਲਈ ਦ੍ਰਿੜ ਹਾਂ।’
ਇਸਦੇ ਨਾਲ ਹੀ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਇਸ ਬਾਰੇ ਟਵੀਟ ਕੀਤਾ । ਹੈਰਿਸ ਨੇ ਲਿਖਿਆ- ‘ਮਦਦ ਕਰਨ ਦੇ ਨਾਲ-ਨਾਲ ਅਸੀਂ ਭਾਰਤ ਦੇ ਨਾਗਰਿਕਾਂ ਅਤੇ ਸਿਹਤ ਕਰਮਚਾਰੀਆਂ ਲਈ ਵੀ ਅਰਦਾਸ ਕਰਦੇ ਹਾਂ।’ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਅਮਰੀਕਾ ਦੇ ਚੋਟੀ ਦੇ ਲੀਡਰਸ਼ਿਪ ਦਾ ਇਹ ਪਹਿਲਾ ਜਵਾਬ ਹੈ।
ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਦੇ ਇਸ ਸਮਰਥਨ ਤੋਂ ਬਾਅਦ ਦੇਸ਼ ਵਿੱਚ ਟੀਕਾਕਰਨ ਦੇ ਕੰਮ ਵਿੱਚ ਬਹੁਤ ਤੇਜ਼ੀ ਲਿਆਂਦੀ ਜਾਏਗੀ ਅਤੇ ਦੇਸ਼ ਵਿਆਪੀ ਟੀਕਾ ਪ੍ਰੋਗਰਾਮ ਨੂੰ ਹੋਰ ਮਜ਼ਬੂਤੀ ਮਿਲੇਗੀ, ਫਿਲਹਾਲ ਕਈ ਰਾਜਾਂ ਵਿੱਚ ਟੀਕਿਆਂ ਦੀ ਘਾਟ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ ਕੋਵਿਡ ਮਾਮਲੇ ਵੀ ਵੱਡੇ ਪੱਧਰ ‘ਤੇ ਵੱਧ ਰਹੇ ਹਨ, ਅਜਿਹੀ ਸਥਿਤੀ ਵਿੱਚ ਵੈਕਸੀਨ ਇਕ ਵੱਡਾ ਵਿਕਲਪ ਹੈ ਅਤੇ ਅਮਰੀਕਾ ਦਾ ਇਹ ਰਵੱਈਆ ਭਾਰਤ ਵਿੱਚ ਵੈਕਸੀਨ ਨਿਰਮਾਣ ਅਤੇ ਕੋਰੋਨਾ ਵਿਰੁੱਧ ਟੀਕਾਕਰਨ ਨੂੰ ਤੇਜ਼ੀ ਮਿਲੇਗੀ।