ਤਾਲਿਬਾਨ ਵੱਲੋਂ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਦੇਸ਼ ਦੀ ਹਾਲਤ ਬਹੁਤ ਚਿੰਤਾਜਨਕ ਬਣੀ ਹੋਈ ਹੈ। ਜਿਸਦੇ ਲਈ ਅੰਤਰਰਾਸ਼ਟਰੀ ਪੱਧਰ ਦੇ ਕਈ ਦੇਸ਼ਾਂ ਸਮੇਤ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਵੀ ਆਪਣੇ ਆਪ ਨੂੰ ਜ਼ਿੰਮੇਵਾਰ ਮੰਨਦੇ ਹਨ।
ਅਫ਼ਗ਼ਾਨਿਸਤਾਨ ਵਿੱਚੋਂ ਅਮਰੀਕਾ ਦੀ ਸ਼ਰਮਨਾਕ ਵਾਪਸੀ ਤੋਂ ਬਾਅਦ ਜੋਅ ਬਾਇਡੇਨ ਦੀ ਸਾਰੇ ਪਾਸੇ ਆਲੋਚਨਾ ਹੋ ਰਹੀ ਹੈ। ਜਿਸਦਾ ਖਾਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪਿਆ ਹੈ । ਦਰਅਸਲ, ਬਾਇਡੇਨ ਦੇ ਇਸ ਫ਼ੈਸਲੇ ਕਾਰਨ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦਿਆਂ ਉਨ੍ਹਾਂ ਵਿਰੁੱਧ ਅਮਰੀਕਾ ਵਿੱਚ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਮੁਹਿੰਮ ਦੇ ਤਹਿਤ ਰਾਸ਼ਟਰਪਤੀ ਬਾਇਡੇਨ ਨੂੰ ਤਾਲਿਬਾਨੀ ਅੱਤਵਾਦੀ ਦੇ ਤੌਰ ‘ਤੇ ਦਿਖਾਉਣ ਵਾਲੇ ਬਿਲਬੋਰਡ ਲਗਾਏ ਗਏ ਹਨ, ਜਿਨ੍ਹਾਂ ‘ਤੇ ‘ਮੇਕਿੰਗ ਦ ਤਾਲਿਬਾਨ ਗ੍ਰੇਟ ਅਗੇਨ’ ਲਿਖਿਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੈੱਨਸਿਲਵੇਨੀਆ ਦੇ ਸਾਬਕਾ ਸੀਨੇਟਰ ਸਕੌਟ ਵੈਗਨਰ ਨੇ ਰਾਸ਼ਟਰਪਤੀ ਜੋਅ ਬਾਇਡੇਨ ਖ਼ਿਲਾਫ਼ ਇਹ ਪੋਸਟਰ ਲਗਵਾਏ ਹਨ।
ਉਨ੍ਹਾਂ ਨੇ ਤਕਰੀਬਨ 15 ਹਜ਼ਾਰ ਡਾਲਰ ਦੀ ਲਾਗਤ ਨਾਲ ਰਾਜ ਮਾਰਗਾਂ ‘ਤੇ ਇੱਕ ਦਰਜਨ ਤੋਂ ਵੱਧ ਬਿਲਬੋਰਡ ਕਿਰਾਏ ‘ਤੇ ਲਏ ਹਨ ਤੇ ਪੋਸਟਰ ਲਗਵਾਏ ਹਨ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਕਿ ਬਾਇਡੇਨ ਦੇ ਇੱਕ ਗਲਤ ਫ਼ੈਸਲੇ ਕਾਰਨ ਪੂਰੀ ਦੁਨੀਆ ਦੇ ਸਾਹਮਣੇ ਅਮਰੀਕਾ ਨੂੰ ਸ਼ਰਮਿੰਦਗੀ ਚੁੱਕਣੀ ਪਈ। ਇਹ ਸ਼ਰਮਿੰਦਗੀ ਵਿਯਤਨਾਮ ਤੋਂ ਵੀ ਬਦਤਰ ਹੈ।
ਦੱਸ ਦੇਈਏ ਕਿ ਅਮਰੀਕਾ ਵਿੱਚ ਲਗਾਏ ਗਏ ਇਨ੍ਹਾਂ ਬਿਲਬੋਰਡ ‘ਤੇ ਲੱਗੀ ਤਸਵੀਰ ਵਿੱਚ ਬਾਇਡੇਨ ਤਾਲਿਬਾਨੀ ਪਹਿਰਾਵੇ ਵਿੱਚ ਹਨ ਅਤੇ ਉਨ੍ਹਾਂ ਦੇ ਹੱਥ ਵਿੱਚ ਇੱਕ ਰਾਕੇਟ ਲਾਂਚਰ ਫੜ੍ਹਿਆ ਹੋਇਆ ਹੈ। ਸਕੌਟ ਵੈਗਨਰ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਫਗਾਨਿਸਤਾਨ ਤੋਂ ਫੌਜ ਨੂੰ ਵਾਪਸ ਬੁਲਾ ਕੇ ਰਾਸ਼ਟਰਪਤੀ ਬਾਇਡੇਨ ਨੇ ਤਾਲਿਬਾਨ ਦੀ ਮਦਦ ਕੀਤੀ ਹੈ। ਉਥੇ ਹੀ ਸੀਨੇਟਰ ਨੇ ਇਹ ਵੀ ਕਿਹਾ ਕਿ ਉਹ ਟਰੰਪ ਦੇ ਸਪੋਰਟਰ ਨਹੀਂ ਹਨ। ਜੇਕਰ ਬਾਇਡੇਨ ਦੀ ਜਗ੍ਹਾ ਟਰੰਪ ਵੀ ਅਜਿਹਾ ਫੈਸਲਾ ਲੈਂਦੇ ਤਾਂ ਉਹ ਉਨ੍ਹਾਂ ਖਿਲਾਫ਼ ਵੀ ਇਹੀ ਕਰਦੇ।
ਇਹ ਵੀ ਦੇਖੋ: ਕਾਹਲੋਂ ਨੇ ਦਿੱਤਾ ਬਿਆਨ, ਗੋਹੇ ਨਾਲ ਭਰ ‘ਤਾ ਘਰ, ਹੁਣ ਭਾਜਪਾ ਵਾਲੇ ਨਹੀਂ ਦੇਣੇਗੇ ਅਜਿਹੇ ਬੇਤੁਕੇ ਬਿਆਨ ?