Billionaire Jack Ma suspected missing: ਚੀਨੀ ਅਰਬਪਤੀ ਅਤੇ ਈ-ਕਾਮਰਸ ਕੰਪਨੀ ਅਲੀਬਾਬਾ ਅਤੇ ਆਂਟ ਗਰੁੱਪ ਦੇ ਮਾਲਕ ਜੈਕ ਮਾ ਪਿਛਲੇ ਦੋ ਮਹੀਨਿਆਂ ਤੋਂ ਲਾਪਤਾ ਹਨ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਿਸ਼ਾਨੇ ‘ਤੇ ਆਉਣ ਤੋਂ ਬਾਅਦ ਉਹ ਕਿਸੇ ਵੀ ਜਨਤਕ ਸਮਾਗਮ ਵਿੱਚ ਨਜ਼ਰ ਨਹੀਂ ਆਏ। ਜਦੋਂ ਕਿ ਉਨ੍ਹਾਂ ਦੀ ਕੰਪਨੀ ‘ਤੇ ਲਗਾਤਾਰ ਕਾਰਵਾਈ ਜਾਰੀ ਹੈ। ਜੈਕ ਮਾ ਦੇ ਇਸ ਢੰਗ ਨਾਲ ਲਾਪਤਾ ਹੋਣ ਤੋਂ ਬਾਅਦ ਬਹੁਤ ਸਾਰੀਆਂ ਸ਼ੰਕਾਵਾਂ ਵੀ ਜ਼ਾਹਿਰ ਕੀਤੀਆਂ ਜਾ ਰਹੀਆਂ ਹਨ।
ਰਿਪੋਰਟ ਦੇ ਅਨੁਸਾਰ ਜੈਕ ਮਾ ਦੇ ਲਾਪਤਾ ਹੋਣ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਹਾਲਾਂਕਿ, ਚੀਨ ਵਿੱਚ ਅਮੀਰ ਲੋਕਾਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ਕੋਈ ਨਵੀਂਆਂ ਨਹੀਂ ਹਨ। ਫੋਰਬਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਸਾਲ 2016 ਤੋਂ 2017 ਦੇ ਦਰਮਿਆਨ ਚੀਨ ਦੇ ਕਈ ਅਰਬਪਤੀ ਲਾਪਤਾ ਹੋ ਗਏ ਸਨ। ਰਿਪੋਰਟ ਅਨੁਸਾਰ ਬਹੁਤ ਸਾਰੇ ਲੋਕ ਜੋ ਸਾਲ 2016 ਤੋਂ 2017 ਦੇ ਦਰਮਿਆਨ ਗਾਇਬ ਹੋ ਗਏ ਸਨ, ਫਿਰ ਕਦੇ ਨਹੀਂ ਵੇਖੇ ਗਏ। ਇਸ ਵਿੱਚ ਸ਼ੰਕਾ ਜਤਾਈ ਜਾ ਰਹੀ ਹੈ ਕਿ ਇਨ੍ਹਾਂ ਅਰਬਪਤੀਆਂ ਦੇ ਲਾਪਤਾ ਹੋਣ ਪਿੱਛੇ ਉਨ੍ਹਾਂ ਦੀਆਂ ਪਤਨੀਆਂ, ਪ੍ਰੇਮੀਆਂ, ਵਪਾਰਕ ਪ੍ਰਤੀਯੋਗੀ ਦਾ ਹੱਥ ਸੀ। ਪਰ ਜਦੋਂ ਕੁਝ ਗਾਇਬ ਅਮੀਰ ਵਾਪਸ ਆਏ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਅਧਿਕਾਰੀਆਂ ਦੀ ਮਦਦ ਕਰ ਰਹੇ ਸਨ।
ਦੱਸ ਦੇਈਏ ਕਿ ਨਵੰਬਰ ਵਿੱਚ ਜੈਕ ਮਾ ਨੇ ਚੀਨ ਦੇ ਰੈਗੂਲੇਟਰਾਂ ਅਤੇ ਰਾਜ ਸੰਚਾਲਿਤ ਬੈਂਕਾਂ ਦੀ ਅਲੋਚਨਾ ਕੀਤੀ ਸੀ । ਇਸ ਤੋਂ ਬਾਅਦ ਚੀਨੀ ਅਧਿਕਾਰੀਆਂ ਨੇ ਜੈਕ ਮਾ ‘ਤੇ ਜਵਾਬੀ ਕਾਰਵਾਈ ਕੀਤੀ ਸੀ ਅਤੇ ਉਸਦੀ ਕੰਪਨੀ ਐਂਟ ਗਰੁੱਪ ਦੇ IPO ਨੂੰ ਮੁਲਤਵੀ ਕਰ ਦਿੱਤਾ ਗਿਆ ਸੀ । ਪਿਛਲੇ ਹਫ਼ਤੇ ਚੀਨੀ ਏਜੰਸੀਆਂ ਨੇ ਕਿਹਾ ਸੀ ਕਿ ਉਹ ਜੈਕ ਮਾ ਦੀ ਕੰਪਨੀ ਐਂਟ ਗਰੁੱਪ ਦੇ ਖ਼ਿਲਾਫ਼ ਐਂਟੀਟਰੱਸਟ ਜਾਂਚ ਸ਼ੁਰੂ ਕਰ ਰਹੇ ਹਨ। ਇਸਦੇ ਨਾਲ ਹੀ ਐਂਟ ਗਰੁੱਪ ਨੂੰ ਕੰਜ਼ਿਊਮਰ ਫਾਈਨੈਂਸ ਆਪ੍ਰੇਸ਼ਨ ਨੂੰ ਰੋਕਣ ਦਾ ਆਦੇਸ਼ ਵੀ ਦਿੱਤਾ ਸੀ।