ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਵੇਂ ਸਾਲ ਦੀ ਸ਼ਾਮ ਨੂੰ ਜੌੜੇ ਬੱਚਿਆਂ ਦਾ ਜਨਮ ਹੋਇਆ ਹੈ । ਇਨ੍ਹਾਂ ਵਿੱਚੋਂ ਇੱਕ ਬੱਚੇ ਦਾ ਜਨਮ ਸਾਲ 2021 ਅਤੇ ਦੂਜੇ ਦਾ ਸਾਲ 2022 ਵਿੱਚ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਬੱਚਿਆਂ ਦੀ ਮਾਂ ਦਾ ਨਾਂ ਫਾਤਿਮਾ ਮਦਰੀਗਾਲ ਹੈ ਅਤੇ ਉਹ ਸ਼ੁੱਕਰਵਾਰ ਰਾਤ ਨੂੰ ਵਾਪਰੀ ਇਸ ਹੈਰਾਨੀਜਨਕ ਘਟਨਾ ਤੋਂ ਪੂਰੀ ਤਰ੍ਹਾਂ ਹੈਰਾਨ ਹੈ। ਕੈਲੀਫੋਰਨੀਆ ਦੇ ਇੱਕ ਹਸਪਤਾਲ ਵਿੱਚ ਪਹਿਲੇ ਬੱਚੇ ਦਾ ਜਨਮ 31 ਦਸੰਬਰ ਨੂੰ ਰਾਤ 11:45 ਵਜੇ ਹੋਇਆ ਜਦਕਿ ਦੂਜੇ ਬੱਚੇ ਦਾ ਜਨਮ ਲਗਭਗ 15 ਮਿੰਟ ਬਾਅਦ 1 ਜਨਵਰੀ 2022 ਨੂੰ ਹੋਇਆ।
ਇਸ ਸਬੰਧੀ ਡਾਕਟਰਾਂ ਨੇ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਜੌੜੇ ਬੱਚੇ ਦੋ ਵੱਖ-ਵੱਖ ਸਾਲਾਂ ਵਿੱਚ ਹੋਏ ਹਨ, ਅਜਿਹਾ ਸਿਰਫ 20 ਲੱਖ ਮਾਮਲਿਆਂ ਵਿਚੋਂ ਇੱਕ ਵਿੱਚ ਹੁੰਦਾ ਹੈ। ਨਟੀਵਿਦਾਦ ਮੈਡੀਕਲ ਸੈਂਟਰ ਦੇ ਇੱਕ ਪਰਿਵਾਰਕ ਡਾਕਟਰ ਨੇ ਕਿਹਾ ਕਿ ਇਹ ਯਕੀਨੀ ਤੌਰ ‘ਤੇ ਮੇਰੇ ਕਰੀਅਰ ਦੇ ਸਭ ਤੋਂ ਯਾਦਗਾਰ ਜਨਮਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2021 ਅਤੇ ਸਾਲ 2022 ਵਿੱਚ ਪੈਦਾ ਹੋਣ ਵਾਲੇ ਇਨ੍ਹਾਂ ਮਾਸੂਮ ਬੱਚਿਆਂ ਦੀ ਮਦਦ ਕਰਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਨਵਾਂ ਸਾਲ ਸ਼ੁਰੂ ਕਰਨ ਦਾ ਕਿੰਨਾ ਵਧੀਆ ਤਰੀਕਾ ਹੈ।
ਇਹ ਵੀ ਪੜ੍ਹੋ: ਕੋਰੋਨਾ ਬਲਾਸਟ: ਪਟਿਆਲਾ ਮੈਡੀਕਲ ਕਾਲਜ ਦੇ 100 ਤੋਂ ਵੱਧ ਵਿਦਿਆਰਥੀ ਕੋਰੋਨਾ ਪਾਜ਼ਿਟਿਵ
ਇਸ ਬਾਰੇ ਹਸਪਤਾਲ ਨੇ ਵੀ ਟਵੀਟ ਕਰਕੇ ਦੱਸਿਆ ਕਿ ਅਜਿਹਾ 20 ਲੱਖ ਮਾਮਲਿਆਂ ਵਿੱਚੋਂ ਇੱਕ ਵਿੱਚ ਹੀ ਹੁੰਦਾ ਹੈ ਜਦੋਂ ਦੋ ਜੌੜੇ ਬੱਚਿਆਂ ਦੇ ਜਨਮ ਦੀ ਤਾਰੀਖ਼, ਮਹੀਨਾ ਅਤੇ ਸਾਲ ਵੱਖ-ਵੱਖ ਹੁੰਦੇ ਹਨ। ਅਮਰੀਕਾ ਵਿੱਚ ਹਰ ਸਾਲ 1,20,000 ਜੌੜੇ ਬੱਚੇ ਪੈਦਾ ਹੁੰਦੇ ਹਨ। ਇਨ੍ਹਾਂ ਬੱਚਿਆਂ ਦੇ ਜਨਮਦਿਨ, ਮਹੀਨੇ ਅਤੇ ਸਾਲ ਵੱਖੋ-ਵੱਖਰੇ ਹੋਣੇ ਬਹੁਤ ਘੱਟ ਹੁੰਦੇ ਹਨ। ਇਸ ਅਜੀਬ ਘਟਨਾ ‘ਤੇ ਬੱਚਿਆਂ ਦੀ ਮਾਂ ਨੇ ਕਿਹਾ ਕਿ ਇਹ ਮੇਰੀ ਸਮਝ ਤੋਂ ਪਰੇ ਹੋਣ ਵਾਲਾ ਮਾਮਲਾ ਹੈ ਕਿਉਂਕਿ ਦੋਵਾਂ ਬੱਚਿਆਂ ਦੇ ਜਨਮਦਿਨ ਵੱਖ-ਵੱਖ ਹੈ।
ਨਟੀਵਾਡ ਮੈਡੀਕਲ ਸੈਂਟਰ ਨੇ ਦੱਸਿਆ ਕਿ ਸਾਲ 2022 ਵਿੱਚ ਪੈਦਾ ਹੋਈ ਆਇਲਿਨ ਇਸ ਖੇਤਰ ਵਿੱਚ ਪੈਦਾ ਹੋਈ ਪਹਿਲੀ ਬੱਚੀ ਹੈ। ਅਮਰੀਕਾ ਵਿੱਚ ਜਨਮ ਲੈਣ ਵਾਲੇ ਕੁੱਲ ਬੱਚਿਆਂ ਵਿੱਚ 3 ਪ੍ਰਤੀਸ਼ਤ ਜੌੜੇ ਬੱਚੇ ਹੁੰਦੇ ਹਨ। ਇਸ ਤੋਂ ਪਹਿਲਾਂ ਅਮਰੀਕਾ ਦੇ ਇੰਡੀਆਨਾ ਇਲਾਕੇ ਵਿੱਚ ਇੱਕ ਔਰਤ ਨੇ ਵੱਖ-ਵੱਖ ਦਿਨਾਂ, ਮਹੀਨਿਆਂ ਅਤੇ ਦਹਾਕਿਆਂ ਵਿੱਚ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ। ਉਨ੍ਹਾਂ ਦੇ ਇੱਕ ਬੱਚੇ ਦਾ ਜਨਮ 31 ਦਸੰਬਰ 2019 ਨੂੰ ਹੋਇਆ ਸੀ ਅਤੇ ਦੂਜੇ ਬੱਚੇ ਦਾ ਜਨਮ 1 ਜਨਵਰੀ 2020 ਨੂੰ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: