Corona Vaccine Can Lead: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸੇ ਕਹਿਰ ਵਿਚਾਲੇ ਗਲੋਬਲ ਪੱਧਰ ‘ਤੇ ਡਾਕਟਰ ਅਤੇ ਵਿਗਿਆਨੀ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਵਿੱਚ ਲੱਗੇ ਹੋਏ ਹਨ । ਇਸੇ ਵਿਚਾਲੇ ਜੰਗਲੀ ਜੀਵ ਮਾਹਿਰਾਂ ਵੱਲੋਂ ਇੱਕ ਚੇਤਾਵਨੀ ਦਿੱਤੀ ਗਈ ਹੈ। ਜਿਸ ਵਿੱਚ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਵੈਕਸੀਨ ਲਈ ਕਰੀਬ 5 ਲੱਖ ਸ਼ਾਰਕ ਨੂੰ ਮਾਰਿਆ ਜਾ ਸਕਦਾ ਹੈ। ਦਰਅਸਲ, ਸ਼ਾਰਕ ਦੇ ਲੀਵਰ ਵਿੱਚ ਇੱਕ ਤੇਲ ਹੁੰਦਾ ਹੈ ਜਿਸ ਦੀ ਵਰਤੋਂ ਵੈਕਸੀਨ ਦੀ ਸਮਗੱਰੀ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਕੋਰੋਨਾ ਵਾਇਰਸ ਦੀ ਕਈ ਵੈਕਸੀਨ ਦੀਆਂ ਸਮਗੱਰੀਆਂ ਵਿੱਚ ਸ਼ਾਰਕ ਦੇ ਲੀਵਰ ਦਾ ਤੇਲ ਮੌਜੂਦ ਹੋਣ ਦਾ ਜ਼ਿਕਰ ਹੈ । ਵੈਕਸੀਨ ਦੇ ਪ੍ਰਭਾਵ ਨੂੰ ਵਧਾਉਣ ਲਈ ਇਸ ਦੀ ਵਰਤੋਂ ਹੁੰਦੀ ਹੈ।
ਇਸ ਸਬੰਧੀ ਅਮਰੀਕਾ ਦੇ ਕੈਲੀਫੋਰਨੀਆ ਦੀ ਸ਼ਾਰਕ ਅਲਾਇਜ਼ ਸੰਸਥਾ ਦਾ ਕਹਿਣਾ ਹੈ ਕਿ ਵੈਕਸੀਨ ਦੇ ਲਈ 5 ਲੱਖ ਸ਼ਾਰਕ ਨੂੰ ਮਾਰਿਆ ਜਾ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਰਕ ਦੇ ਲੀਵਰ ਵਿਚ Squalene ਨਾਮ ਦਾ ਪਦਾਰਥ ਪਾਇਆ ਜਾਂਦਾ ਹੈ। ਇਹ ਇਕ ਤਰ੍ਹਾਂ ਦਾ ਕੁਦਰਤੀ ਤੇਲ ਹੁੰਦਾ ਹੈ । ਇਸਦੀ ਵਰਤੋਂ ਵੈਕਸੀਨ ਬਣਾਉਣ ਵਿੱਚ ਕੀਤੀ ਜਾਂਦੀ ਹੈ। ਦੁਨੀਆ ਵਿੱਚ ਇਸ ਸਮੇਂ ਕਰੀਬ 30 ਕੋਰੋਨਾ ਵੈਕਸੀਨ ਅਜਿਹੀਆਂ ਹਨ, ਜਿਨ੍ਹਾਂ ਦਾ ਟ੍ਰਾਇਲ ਮਨੁੱਖਾਂ ‘ਤੇ ਕੀਤਾ ਜਾ ਰਿਹਾ ਹੈ।
ਸ਼ਾਰਕ ਅਲਾਇਜ਼ ਦਾ ਕਹਿਣਾ ਹੈ ਕਿ ਜੇਕਰ ਦੁਨੀਆ ਭਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਇੱਕ ਖੁਰਾਕ ਦੀ ਲੋੜ ਪੈਂਦੀ ਹੈ ਤਾਂ ਢਾਈ ਲੱਖ ਸ਼ਾਰਕ ਨੂੰ ਮਾਰਨਾ ਪੈ ਸਕਦਾ ਹੈ, ਪਰ ਜੇਕਰ ਦੋ ਖੁਰਾਕਾਂ ਦੀ ਲੋੜ ਪੈਂਦੀ ਹੈ ਤਾਂ 5 ਲੱਖ ਸ਼ਾਰਕ ਨੂੰ ਮਾਰਨਾ ਹੋਵੇਗਾ । ਦੱਸ ਦਈਏ ਕਿ ਟ੍ਰਾਇਲ ਦੇ ਦੌਰਾਨ ਕੋਰੋਨਾ ਦੀ ਜ਼ਿਆਦਾਤਰ ਵੈਕਸੀਨ ਦੀਆਂ ਦੋ ਖੁਰਾਕਾਂ ਵਾਲੰਟੀਅਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ।
ਇਸ ਬਾਰੇ ਸ਼ਾਰਕ ਅਲਾਇਜ਼ ਦੀ ਸੰਸਥਾਪਕ ਸਟੀਫਨੀ ਬ੍ਰੇਨਡਿਲ ਦਾ ਕਹਿਣਾ ਹੈ ਕਿ ਕਿਸੇ ਚੀਜ਼ ਦੇ ਲਈ ਜੰਗਲੀ ਜੀਵ ਨੂੰ ਮਾਰਨਾ ਟਿਕਾਊ ਨਹੀਂ ਹੋਵੇਗਾ । ਖਾਸ ਕਰਕੇ ਉਦੋਂ ਜਦੋਂ ਇਸ ਜੀਵ ਵਿੱਚ ਜਣਨ ਦਰ ਵੱਡੇ ਪੱਧਰ ‘ਤੇ ਨਹੀਂ ਹੁੰਦੀ । ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਉਹ ਵੈਕਸੀਨ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਹੌਲੀ ਕਰਨਾ ਨਹੀਂ ਚਾਹੁੰਦੀ ਸਗੋਂ ਚਾਹੁੰਦੀ ਹੈ ਕਿ ਬਿਨ੍ਹਾਂ ਜਾਨਵਰ ਵਾਲੇ Squalene ਦੀ ਟੈਸਟਿੰਗ ਵੀ ਨਾਲ-ਨਾਲ ਹੋਵੇ।