Donald Trump said: ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਭਰ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਫੈਲਾਉਣ ਲਈ ਇੱਕ ਵਾਰ ਫਿਰ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਚੀਨ ਵੱਲੋਂ ਵਾਇਰਸ ਦੇ ਹਮਲੇ ਤੋਂ ਪਹਿਲਾਂ ਅਮਰੀਕਾ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਸੀ। ਪਰ ਹੁਣ ਅਸੀਂ ਕੋਰੋਨਾ ਵਾਇਰਸ ਨਾਲ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ‘ਕੋਰੋਨਾ ਮਹਾਂਮਾਰੀ’ ਦੇਣ ਦੀ ਪੂਰੀ ਜਵਾਬਦੇਹੀ ਚੀਨ ਨੂੰ ਚੁੱਕਣੀ ਪਵੇਗੀ । ਅਮਰੀਕਾ ਦੇ 244ਵੇਂ ਆਜ਼ਾਦੀ ਦਿਵਸ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਸੰਬੋਧਿਤ ਕਰ ਰਹੇ ਸਨ। ਵਿਸ਼ਵ ਭਰ ਵਿੱਚ ਇਸ ਮਹਾਂਮਾਰੀ ਕਾਰਨ ਪੰਜ ਲੱਖ 33 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਦੇ ਨਾਲ ਹੀ 1.13 ਕਰੋੜ ਤੋਂ ਵੱਧ ਲੋਕ ਇਸ ਮਹਾਂਮਾਰੀ ਨਾਲ ਪੀੜਤ ਹੋ ਚੁੱਕੇ ਹਨ।
ਰਾਸ਼ਟਰਪਤੀ ਟਰੰਪ ਨੇ ਚੀਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਸੀਂ ਗਾਊਨ, ਮਾਸਕ ਅਤੇ ਸਰਜੀਕਲ ਯੰਤਰ ਤਿਆਰ ਕਰ ਰਹੇ ਹਾਂ। ਇਹ ਵਿਸ਼ੇਸ਼ ਤੌਰ ‘ਤੇ ਵਿਦੇਸ਼ੀ ਧਰਤੀ ਵਿੱਚ ਬਣਾਏ ਗਏ ਹਨ। ਵਿਡੰਬਨਾ ਇਹ ਹੈ ਕਿ ਖ਼ਾਸਕਰ ਚੀਨ ਵਿੱਚ ਜਿੱਥੋਂ ਇਹ ਵਾਇਰਸ ਅਤੇ ਹੋਰ ਬਿਮਾਰੀਆਂ ਆਈਆਂ ਸਨ। ਗੁਪਤਤਾ ਅਤੇ ਚੀਨ ਦੇ ਧੋਖੇ ਨੇ ਇਸ ਨੂੰ ਪੂਰੀ ਦੁਨੀਆ ਵਿੱਚ ਫੈਲਣ ਦਿੱਤਾ। ਉਨ੍ਹਾਂ ਕਿਹਾ ਕਿ ਚੀਨ ਨੂੰ ਇਸ ਲਈ ਪੂਰੀ ਤਰ੍ਹਾਂ ਜਵਾਬਦੇਹ ਠਹਿਰਾਉਣਾ ਚਾਹੀਦਾ ਹੈ । ਉਸ ਨੂੰ ਜ਼ਿੰਮੇਵਾਰੀ ਲੈਣੀ ਹੀ ਪਵੇਗੀ।
ਦੱਸ ਦੇਈਏ ਕਿ ਪਿਛਲੇ ਸਾਲ ਦਸੰਬਰ ਵਿੱਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਵਾਇਰਸ ਮਹਾਂਮਾਰੀ ਲਈ ਟਰੰਪ ਵਾਰ-ਵਾਰ ਚੀਨ ‘ਤੇ ਦੋਸ਼ ਲਗਾਉਂਦੇ ਰਹੇ ਹਨ । ਉਨ੍ਹਾਂ ਨੇ ਬੀਜਿੰਗ ‘ਤੇ ਵੀ ਇਸ ਵਾਇਰਸ ਦੀ ਜਾਣਕਾਰੀ ਲੁਕਾਉਣ ਦਾ ਦੋਸ਼ ਲਾਇਆ ਸੀ । ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਇਸ ਨੂੰ ਉਤਪਤੀ ਦੇ ਕਾਰਨ ਵੁਹਾਨ ਵਾਇਰਸ ਵੀ ਕਿਹਾ ਹੈ ।ਫਲੋਰੀਡਾ ਸਮੇਤ ਅਮਰੀਕਾ ਦੇ ਕਈਂ ਹਿੱਸਿਆਂ ਵਿੱਚ ਵੱਡੀ ਗਿਣਤੀ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ, ਜਿਸਨੇ ਦੇਸ਼ ਦੇ ਸੁਤੰਤਰਤਾ ਦਿਵਸ ਦੇ ਜਸ਼ਨਾਂ ਨੂੰ ਫਿੱਕਾ ਕਰ ਦਿੱਤਾ । ਦੇਸ਼ ਦੇ 50 ਰਾਜਾਂ ਵਿੱਚ ਲਾਗਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ ਅਮਰੀਕਾ ਵਿੱਚ ਸ਼ੁੱਕਰਵਾਰ ਨੂੰ 54,000 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ, ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ, ਜਦੋਂ ਕਿ ਸ਼ਨੀਵਾਰ ਨੂੰ ਇਹ ਅੰਕੜਾ 50,000 ਤੋਂ ਵੱਧ ਸੀ ।