Dr Fauci on covid crisis: ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੇ ਤਬਾਹੀ ਮਚਾਈ ਹੋਈ ਹੈ । ਜਿਸ ਕਾਰਨ ਭਾਰਤ ਵਿੱਚ ਰੋਜ਼ਾਨਾ 3 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ । ਇਸ ਨੂੰ ਲੈ ਕੇ ਅਮਰੀਕਾ ਦੇ ਚੋਟੀ ਦੇ ਸਿਹਤ ਮਾਹਰ ਅਤੇ ਰਾਸ਼ਟਰਪਤੀ ਜੋ ਬਾਇਡੇਨ ਦੇ ਮੁੱਖ ਡਾਕਟਰੀ ਸਲਾਹਕਾਰ ਡਾ. ਐਂਥਨੀ ਫਾਉਚੀ ਵੱਲੋਂ ਬਿਆਨ ਦਿੱਤਾ ਗਿਆ ਹੈ।
ਡਾ. ਫਾਉਚੀ ਨੇ ਕਿਹਾ ਕਿ ਭਾਰਤ ਕੋਰੋਨਾ ਮਹਾਂਮਾਰੀ ਦੇ ਕਾਰਨ ਇਸ ਭਿਆਨਕ ਸੰਕਟ ਵਿੱਚ ਇਸ ਲਈ ਪਿਆ ਹੈ, ਕਿਉਂਕਿ ਭਾਰਤ ਨੇ ਮਹਾਂਮਾਰੀ ਦੇ ਖਤਮ ਹੋਣ ਦਾ ਗਲਤ ਅਨੁਮਾਨ ਲਗਾਉਂਦੇ ਹੋਏ ਸਮੇਂ ਤੋਂ ਪਹਿਲਾਂ ਹੀ ਪਾਬੰਦੀਆਂ ਵਿੱਚ ਢਿੱਲ ਦੇ ਦਿੱਤੀ।
ਕੋਵਿਡ-19 ਰਿਸਪਾਂਸ ‘ਤੇ ਸੁਣਵਾਈ ਦੌਰਾਨ ਡਾ. ਫਾਉਚੀ ਨੇ ਸੰਸਦ ਦੀ ਸਿਹਤ, ਸਿੱਖਿਆ, ਲੇਬਰ ਅਤੇ ਪੈਨਸ਼ਨ ਕਮੇਟੀ ਦੇ ਸਾਹਮਣੇ ਕਿਹਾ, ”ਭਾਰਤ ਦੀ ਮੌਜੂਦਾ ਗੰਭੀਰ ਸਥਿਤੀ ਦਾ ਕਾਰਨ ਇਹ ਹੈ ਕਿ ਅਸਲ ਵਿੱਚ ਇੱਕ ਲਹਿਰ ਸੀ ਅਤੇ ਉਨ੍ਹਾਂ ਨੇ ਇੱਕ ਗਲਤ ਮੁਲਾਂਕਣ ਕੀਤਾ ਕਿ ਇਹ ਖਤਮ ਹੋ ਚੁੱਕੀ ਹੈ ਤੇ ਅਤੇ ਫਿਰ ਕੀ ਹੋਇਆ?
ਭਾਰਤ ਨੇ ਸਮੇਂ ਤੋਂ ਪਹਿਲਾਂ ਪਾਬੰਦੀਆਂ ਵਿੱਚ ਢਿੱਲ ਦੇ ਦਿੱਤੀ । ਇਸ ਵੇਲੇ ਇੱਥੇ ਕੇਸ ਵੱਧ ਰਹੇ ਹਨ ਅਤੇ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਬਹੁਤ ਵਿਨਾਸ਼ਕਾਰੀ ਹੈ।’
ਦੱਸ ਦੇਈਏ ਕਿ ਇਸ ਸੁਣਵਾਈ ਦੀ ਪ੍ਰਧਾਨਗੀ ਕਰਨ ਵਾਲੇ ਸੀਨੇਟਰ ਪੈਟੀ ਮੁਰੇ ਨੇ ਕਿਹਾ ਕਿ ਭਾਰਤ ਵਿੱਚ ਵਧਦੇ ਕੋਰੋਨਾ ਦੇ ਪ੍ਰਕੋਪ ਕਾਰਨ ਮਚੀ ਤਬਾਹੀ ਨੇ ਇਸ ਤੱਥ ਵੱਲ ਇਸ਼ਾਰਾ ਕੀਤਾ ਹੈ ਕਿ ਅਮਰੀਕਾ ਉਦੋਂ ਤੱਕ ਇਸ ਮਹਾਂਮਾਰੀ ਨੂੰ ਖ਼ਤਮ ਨਹੀਂ ਕਰ ਸਕਦਾ ਜਦ ਤਕ ਇਹ ਹਰ ਥਾਂ ਖਤਮ ਨਹੀਂ ਹੁੰਦਾ।