Firing in New Orleans: ਅਮਰੀਕਾ ਦੇ ਨਿਊ ਓਰਲੀਨਜ਼ ਦੇ ਇਕ ਉਪਨਗਰ ‘ਚ ਸ਼ਨੀਵਾਰ ਨੂੰ ਬੰਦੂਕ ਸਟੋਰ ‘ਚ ਹੋਈ ਗੋਲੀਬਾਰੀ ਵਿਚ ਇਕ ਹਮਲਾਵਰ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜੈਫਰਸਨ ਪੈਰਿਸ਼ ਸ਼ੈਰਿਫ ਦੇ ਦਫਤਰ ਨੇ ਇਕ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਜੈਫਰਸਨ ਪੈਰਿਸ਼ ਸ਼ੈਰਿਫ ਨੇ ਕਿਹਾ ਕਿ ਹਮਲਾਵਰ ਸਟੋਰ ਵਿੱਚ ਦਾਖਲ ਹੋਇਆ ਅਤੇ ਦੋ ਵਿਅਕਤੀਆਂ ਨੂੰ ਗੋਲੀ ਮਾਰਕੇ ਹੱਤਿਆ ਕਰ ਦਿੱਤੀ, ਜਿਸ ਦੇ ਜਵਾਬ ਵਿੱਚ ਸਟੋਰ ਦੇ ਕਰਮਚਾਰੀਆਂ ਅਤੇ ਗਾਹਕਾਂ ਨੇ ਗੋਲੀਬਾਰੀ ਕੀਤੀ ਅਤੇ ਹਮਲਾਵਰ ਦੀ ਮੌਤ ਹੋ ਗਈ। ਸ਼ੈਰਿਫ ਜੋਸਫ ਲੋਪਿੰਤੋ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਸ਼ਨੀਵਾਰ ਦੁਪਹਿਰ ਕਰੀਬ 2.50 ਵਜੇ ਇਕ ਉਪਨਗਰ, ਮੈਟੈਰੀ, ਵਿੱਚ ਜੈਫਰਸਨ ਨਾਮੀ ਇੱਕ ਬੰਦੂਕ ਦੀ ਦੁਕਾਨ ਵਿੱਚ ਵਾਪਰੀ।
ਸ਼ੈਰਿਫ ਨੇ ਦੱਸਿਆ ਕਿ ਹਮਲਾਵਰ ਨੇ ਪਹਿਲਾਂ ਦੁਕਾਨ ਦੇ ਅੰਦਰ ਦੋ ਵਿਅਕਤੀਆਂ ‘ਤੇ ਹਮਲਾ ਕੀਤਾ ਅਤੇ ਉਸ ਤੋਂ ਬਾਅਦ ਉਥੇ ਮੌਜੂਦ ਹੋਰਨਾਂ ਨੇ ਇਮਾਰਤ ਦੇ ਬਾਹਰ ਅਤੇ ਅੰਦਰ ਬੰਦੂਕਧਾਰੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਲੋਪਿੰਤੋ ਨੇ ਦੱਸਿਆ ਕਿ ਦੋ ਹੋਰ ਲੋਕਾਂ ਨੂੰ ਵੀ ਗੋਲੀ ਲੱਗੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਉਸਨੇ ਦੱਸਿਆ ਕਿ ਇਸ ਘਟਨਾ ਵਿੱਚ ਬਹੁਤ ਸਾਰੇ ਲੋਕਾਂ ਨੇ ਗੋਲੀਆਂ ਚਲਾਈਆਂ ਸਨ ਅਤੇ ਜਾਂਚਕਰਤਾ ਪੂਰੇ ਮਾਮਲੇ ਦੀ ਪੜਤਾਲ ਕਰ ਰਹੇ ਹਨ।