George Floyd protests: ਵਾਸ਼ਿੰਗਟਨ: ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਖਿਲਾਫ਼ ਅਮਰੀਕਾ ਵਿੱਚ ਉਬਾਲ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਅੱਜ ਪ੍ਰਦਰਸ਼ਨਕਾਰੀਆਂ ਨੇ ਇੱਕ ਵਾਰ ਫਿਰ ਵ੍ਹਾਈਟ ਹਾਊਸ ਦੇ ਬਾਹਰ ਧਾਵਾ ਬੋਲਿਆ । ਹਾਲਾਂਕਿ, ਉਨ੍ਹਾਂ ਨਾਲ ਨਜਿੱਠਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਘੋੜ ਸਵਾਰ ਦਸਤਿਆਂ ਦੇ ਜਵਾਨ ਮੌਜੂਦ ਸਨ ।
ਪ੍ਰਦਰਸ਼ਨਕਾਰੀ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸਨ । ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਆਂਸੂ ਗੈਸ ਦੇ ਗੋਲੇ ਛੱਡੇ ਗਏ । ਜ਼ਿਕਰਯੋਗ ਹੈ ਕਿ ਬੀਤੇ ਦਿਨ ਯਾਨੀ ਕਿ ਸੋਮਵਾਰ ਨੂੰ ਵੀ ਵ੍ਹਾਈਟ ਹਾਊਸ ਦੇ ਬਾਹਰ ਵੀ ਅਜਿਹਾ ਹੀ ਭਿਆਨਕ ਪ੍ਰਦਰਸ਼ਨ ਹੋਇਆ ਸੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬੰਕਰ ਵਿੱਚ ਸ਼ਰਨ ਲੈਣੀ ਪਈ ਸੀ । ਅਜਿਹਾ ਪ੍ਰਦਰਸ਼ਨ ਨਿਊਯਾਰਕ ਵਿੱਚ ਵੀ ਹੋਇਆ ਹੈ । ਪ੍ਰਦਰਸ਼ਨਕਾਰੀਆਂ ਨੇ ਨਿਊਯਾਰਕ ਦੇ ਮਸ਼ਹੂਰ ਟਾਈਮਜ਼ ਸਕੁਏਅਰ ‘ਤੇ ਵੀ ਪ੍ਰਦਰਸ਼ਨ ਕੀਤਾ । ਪ੍ਰਦਰਸ਼ਨਕਾਰੀਆਂ ਦੀ ਭੀੜ ਦੇ ਮੱਦੇਨਜ਼ਰ ਸ਼ਹਿਰ ਵਿੱਚ ਸਵੇਰੇ 11 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾ ਦਿੱਤਾ ਗਿਆ ਹੈ ।
ਗੌਰਤਲਬ ਹੈ ਕਿ ਮਿਨੀਸੋਟਾ ਵਿੱਚ 25 ਮਈ ਨੂੰ ਜਾਰਜ ਫਲਾਈਡ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ । ਜਾਰਜ ਸਿਰਫ 20 ਡਾਲਰ ਦੇ ਜਾਅਲੀ ਨੋਟ ਚਲਾਉਣ ਦੇ ਦੋਸ਼ ਵਿੱਚ ਫੜਿਆ ਗਿਆ ਸੀ ਅਤੇ ਇੱਕ ਪੁਲਿਸ ਅਧਿਕਾਰੀ ਨੇ ਇਸਨੂੰ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਉਸਦੀ ਗਰਦਨ ਨੂੰ ਉਸਦੇ ਪੈਰਾਂ ਨਾਲ ਪਕੜਿਆ ਜਦ ਤੱਕ ਉਸਦੀ ਮੌਤ ਨਹੀਂ ਹੋ ਗਈ ।
ਇਸ ਘਟਨਾ ਕਾਰਨ ਅਮਰੀਕਾ ਵਿੱਚ ਭਾਰੀ ਉਬਾਲ ਹੈ। ਨਾ ਸਿਰਫ ਕਾਲੇ ਲੋਕ ਬਲਕਿ ਗੋਰੇ ਲੋਕ ਵੀ ਇਸ ਨੂੰ ਲੈ ਕੇ ਸੜਕਾਂ ‘ਤੇ ਹਨ । ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਦਰਸ਼ਨਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਦੂਜਿਆਂ ਦੀ ਜਾਨ ਨੂੰ ਜੋਖਮ ਵਿੱਚ ਪਾਉਂਦੇ ਹਨ ਉਨ੍ਹਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।