Hamas fired more than 300 rockets: ਇਜ਼ਰਾਈਲ ਅਤੇ ਹਮਾਸ ਵਿਚਾਲੇ ਹਫ਼ਤਿਆਂ ਤੋਂ ਜਾਰੀ ਤਣਾਅ ਹੁਣ ਹਿੰਸਕ ਹੋ ਗਿਆ ਹੈ । ਰਾਤੋ-ਰਾਤ ਦੋਵਾਂ ਧਿਰਾਂ ਵਿਚਾਲੇ ਹੋਏ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ।
ਮਿਲੀ ਜਾਣਕਾਰੀ ਅਨੁਸਾਰ ਇਜ਼ਰਾਈਲ ਨੇ ਮੰਗਲਵਾਰ ਨੂੰ ਕੀਤੇ ਗਏ ਹਵਾਈ ਹਮਲੇ ਵਿੱਚ ਗਾਜ਼ਾ ਸ਼ਹਿਰ ਸਥਿਤ ਦੋ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ । ਜਿਸ ਤੋਂ ਬਾਅਦ ਹਮਾਸ ਨੇ ਇਜ਼ਰਾਈਲ ‘ਤੇ ਲਗਭਗ 100 ਦੇ ਕਰੀਬ ਰਾਕੇਟ ਦਾਗੇ, ਜਿਸ ਵਿੱਚ ਇੱਕ ਭਾਰਤੀ ਦੀ ਵੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਇਸ ਲੜਾਈ ਵਿੱਚ ਹੁਣ ਤੱਕ 35 ਫਲਸਤੀਨੀ ਅਤੇ 3 ਇਜ਼ਰਾਈਲੀ ਮਾਰੇ ਜਾ ਚੁੱਕੇ ਹਨ, ਜਦਕਿ 152 ਹੋਰ ਜ਼ਖਮੀ ਹੋਏ ਹਨ।
ਰਿਪੋਰਟ ਦੇ ਅਨੁਸਾਰ ਸੋਮਵਾਰ ਰਾਤ ਤੋਂ ਹੁਣ ਤੱਕ ਇਜ਼ਰਾਈਲ ਵੱਲ 300 ਤੋਂ ਵੱਧ ਰਾਕੇਟ ਦਾਗੇ ਜਾ ਚੁੱਕੇ ਹਨ । ਇਸ ਦੇ ਨਾਲ ਹੀ ਇਜ਼ਰਾਈਲ ਦਾ ਕਹਿਣਾ ਹੈ ਕਿ ਇਸ ਦੇ ਜਵਾਬ ਵਿੱਚ ਉਨ੍ਹਾਂ ਨੇ ਗਾਜ਼ਾ ਵਿੱਚ 150 ਥਾਵਾਂ ‘ਤੇ ਹਮਲਾ ਕੀਤਾ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ ਹਮਲੇ ਵਿੱਚ ਮਾਰੀ ਗਈ ਮਹਿਲਾ ਦਾ ਨਾਮ ਸੌਮਿਆ ਸੰਤੋਸ਼ ਹੈ ਜੋ ਪਿਛਲੇ 7 ਸਾਲਾਂ ਤੋਂ ਇਜ਼ਰਾਈਲ ਵਿੱਚ ਰਹਿ ਰਹੀ ਸੀ । ਹਮਲੇ ਦੇ ਸਮੇਂ ਸੌਮਿਆ ਬਜ਼ੁਰਗ ਮਹਿਲਾ ਦੀ ਇੱਕ ਘਰ ਵਿੱਚ ਦੇਖਭਾਲ ਕਰ ਰਹੀ ਸੀ। ਇਸ ਘਟਨਾ ਵਿੱਚ ਬਜ਼ੁਰਗ ਮਹਿਲਾ ਤਾਂ ਬਚ ਗਈ ਪਰ ਸੌਮਿਆ ਦੀ ਮੌਤ ਹੋ ਗਈ।
ਇਸ ਸਬੰਧੀ ਗਾਜਾ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸ਼ਾਮ ਤੋਂ ਸ਼ੁਰੂ ਹੋਈ ਇਸ ਝੜਪ ਵਿੱਚ 10 ਬੱਚਿਆਂ ਅਤੇ ਇੱਕ ਮਹਿਲਾ ਸਣੇ 28 ਫਲਸਤੀਨੀਆਂ ਦੀ ਮੌਤ ਹੋ ਗਈ ਸੀ । ਜ਼ਿਆਦਾਤਰ ਮੌਤਾਂ ਹਵਾਈ ਹਮਲਿਆਂ ਕਾਰਨ ਹੋਈਆਂ ।
ਇਹ ਵੀ ਪੜ੍ਹੋ: PM ਮੋਦੀ ਬ੍ਰਿਟੇਨ ਦੇ G-7 ਸਿਖਰ ਸੰਮੇਲਨ ‘ਚ ਨਹੀਂ ਹੋਣਗੇ ਸ਼ਾਮਲ, ਵਧਦੇ ਕੋਰੋਨਾ ਕੇਸਾਂ ਤਹਿਤ ਲਿਆ ਫੈਸਲਾ
ਇਜ਼ਰਾਈਲੀ ਫੌਜ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਘੱਟੋ-ਘੱਟ 16 ਅੱਤਵਾਦੀ ਸਨ । ਇਸ ਦੌਰਾਨ ਗਾਜਾ ਦੇ ਅੱਤਵਾਦੀਆਂ ਨੇ ਇਜ਼ਰਾਈਲ ਵੱਲ ਸੈਂਕੜੇ ਰਾਕੇਟ ਦਾਗੇ, ਜਿਸ ਵਿੱਚ ਦੋ ਇਜ਼ਰਾਈਲੀ ਔਰਤਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ।
ਦੱਸ ਦੇਈਏ ਕਿ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਜਾਰੀ ਹਿੰਸਾ ਦੇ ਚੱਲਦਿਆਂ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਲਾਡ ਸ਼ਹਿਰ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਹੈ। ਸਰਕਾਰ ਨੇ ਪ੍ਰਦਰਸ਼ਨਾਂ ਦੇ ਚੱਲਦਿਆਂ ਇਹ ਫੈਸਲਾ ਲਿਆ ਹੈ । ਰਿਪੋਰਟ ਅਨੁਸਾਰ ਇਸ ਦੌਰਾਨ ਤਿੰਨ ਧਾਰਮਿਕ ਸਥਾਨਾਂ ਅਤੇ ਕਈ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ । ਪ੍ਰਦਰਸ਼ਨਕਾਰੀਆਂ ਨੇ ਕਈ ਵਾਹਨਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ।