In farewell address Trump celebrates: ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਦਾ ਕਾਰਜਕਾਲ ਅੱਜ ਖਤਮ ਹੋ ਰਿਹਾ ਹੈ। ਹੁਣ ਤੋਂ ਕੁਝ ਘੰਟਿਆਂ ਬਾਅਦ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਆਪਣੀ ਫੇਅਰਵੈਲ ਵਿੱਚ ਆਖਰੀ ਵਾਰ ਅਮਰੀਕੀ ਲੋਕਾਂ ਨੂੰ ਸੰਬੋਧਿਤ ਕੀਤਾ ਹੈ। ਇਸ ਦੌਰਾਨ ਟਰੰਪ ਨੇ 6 ਜਨਵਰੀ ਨੂੰ ਕੈਪੀਟਲ ਹਿੱਲ ‘ਤੇ ਹੋਏ ਹਿੰਸਕ ਹਮਲੇ ਦੀ ਨਿਖੇਧੀ ਕੀਤੀ । ਇਸ ਦੇ ਨਾਲ ਹੀ ਉਨ੍ਹਾਂ ਨੇ ਨਵੇਂ ਰਾਸ਼ਟਰਪਤੀ ਬਾਇਡੇਨ ਨੂੰ ਵੀ ਸ਼ੁੱਭਕਾਮਨਾਵਾਂ ਵੀ ਦਿੱਤੀਆਂ ।
19 ਮਿੰਟ ਦੇ ਪਹਿਲਾਂ ਤੋਂ ਰਿਕਾਰਡ ਕੀਤੀ ਗਈ ਇੱਕ ਵੀਡੀਓ ਵਿੱਚ ਟਰੰਪ ਨੇ ਕਿਹਾ, “ਕੈਪੀਟਲ ‘ਤੇ ਹੋਏ ਹਮਲਿਆਂ ਤੋਂ ਹਰ ਕੋਈ ਘਬਰਾ ਗਿਆ ਸੀ। ਰਾਜਨੀਤਿਕ ਹਿੰਸਾ ਅਸੀਂ ਅਮਰੀਕੀਆਂ ਦੇ ਤੌਰ ‘ਤੇ ਉਸ ਹਰ ਚੀਜ ‘ਤੇ ਹਮਲਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ।” ਇਸ ਦੌਰਾਨ ਉਨ੍ਹਾਂ ਨੇ ਅਮਰੀਕੀਆਂ ਨੂੰ ਰਾਜਨੀਤਿਕ ਨਫ਼ਰਤ ਤੋਂ ਉਪਰ ਉੱਠਣ ਦਾ ਸੱਦਾ ਦਿੱਤਾ ।
ਟਰੰਪ ਨੇ ਆਪਣੇ ਵਿਦਾਈ ਭਾਸ਼ਣ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਦਾ ਵੀ ਜ਼ਿਕਰ ਕੀਤਾ । ਟਰੰਪ ਨੇ ਕਿਹਾ, “ਚੀਨ ਨਾਲ ਅਸੀਂ ਨਵੀਂ ਰਣਨੀਤੀ ਨਾਲ ਸੌਦਾ ਕੀਤਾ । ਸਾਡੇ ਵਪਾਰਕ ਸਬੰਧ ਤੇਜ਼ੀ ਨਾਲ ਬਦਲ ਰਹੇ ਸਨ ਅਤੇ ਅਮਰੀਕਾ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਸੀ, ਪਰ ਕੋਰੋਨਾ ਵਾਇਰਸ ਨੇ ਸਾਨੂੰ ਇੱਕ ਵੱਖਰੀ ਦਿਸ਼ਾ ਵੱਲ ਜਾਣ ਲਈ ਮਜ਼ਬੂਰ ਕੀਤਾ।” ਆਪਣੇ ਕਾਰਜਕਾਲ ਨੂੰ ਯਾਦ ਕਰਦਿਆਂ ਟਰੰਪ ਨੇ ਕਿਹਾ,“ਅਸੀਂ ਸਾਰੇ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਉਣ ਲਈ ਇੱਕ ਮਿਸ਼ਨ ਦੀ ਸ਼ੁਰੂਆਤ ਕੀਤੀ। ਅਸੀਂ ਵਿਸ਼ਵ ਦੇ ਇਤਿਹਾਸ ਦੀ ਸਭ ਤੋਂ ਵੱਡੀ ਆਰਥਿਕਤਾ ਦਾ ਨਿਰਮਾਣ ਕੀਤਾ।” ਉਨ੍ਹਾਂ ਕਿਹਾ,” ਮੈਨੂੰ ਦਹਾਕਿਆਂ ਵਿੱਚ ਅਜਿਹਾ ਪਹਿਲਾ ਰਾਸ਼ਟਰਪਤੀ ਬਣਨ ‘ਤੇ ਮਾਣ ਹੈ ਜਿਸ ਨੇ ਨਵੀਂ ਲੜਾਈ ਸ਼ੁਰੂ ਨਹੀਂ ਕੀਤੀ।”
ਦੱਸ ਦੇਈਏ ਕਿ ਟਰੰਪ ਨੇ ਆਉਣ ਵਾਲੇ ਦਿਨਾਂ ਵਿੱਚ ਬਾਇਡੇਨ ਪ੍ਰਸ਼ਾਸਨ ਦੀ ਸਫਲਤਾ ਦੀ ਕਾਮਨਾ ਵੀ ਕੀਤੀ । ਉਨ੍ਹਾਂ ਕਿਹਾ ਕਿ ਅਸੀਂ ਹੁਣ ਨਵੇਂ ਪ੍ਰਸ਼ਾਸਨ ਦਾ ਸਵਾਗਤ ਕਰਦੇ ਹਨ ਅਤੇ ਅਮਰੀਕਾ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਰੱਖਣ ਲਈ ਪ੍ਰਾਰਥਨਾ ਕਰਦੇ ਹਾਂ। ਅਸੀਂ ਨਵੇਂ ਪ੍ਰਸ਼ਾਸਨ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੰਦੇ ਹਾਂ। ਫੇਅਰਵੈਲ ਵਿੱਚ ਟਰੰਪ ਨੇ ਆਪਣੀ ਪਤਨੀ ਮੇਲਾਨੀਆ ਟਰੰਪ ਅਤੇ ਪਰਿਵਾਰ ਦੇ ਸਮਰਥਨ ਲਈ ਧੰਨਵਾਦ ਕੀਤਾ।