India receives shipment: ਦੇਸ਼ ਵਿੱਚ ਕੋਰੋਨਾ ਨਾਲ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਸੇ ਵਿਚਾਲੇ ਵੱਖ-ਵੱਖ ਦੇਸ਼ਾਂ ਤੋਂ ਭਾਰਤ ਲਈ ਸਹਾਇਤਾ ਆ ਰਹੀ ਹੈ। ਦੇਸ਼ ਵਿੱਚ ਪਿਛਲੇ 1 ਹਫਤੇ ਤੋਂ ਵੱਧ ਸਮੇਂ ਤੋਂ 3 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਹਰ ਰੋਜ਼ ਹਜ਼ਾਰਾਂ ਲੋਕ ਮਰ ਰਹੇ ਹਨ । ਇੱਕ ਪਾਸੇ ਹਸਪਤਾਲਾਂ ਵਿੱਚ ਬੈੱਡ ਨਹੀਂ ਹਨ ਤੇ ਉੱਥੇ ਹੀ ਦੂਜੇ ਪਾਸੇ ਆਕਸੀਜਨ ਦੀ ਘਾਟ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਵਿਚਾਲੇ ਕੁਵੈਤ ਨੇ ਵੀ ਭਾਰਤ ਦੀ ਮਦਦ ਕੀਤੀ ਹੈ । ਕੁਵੈਤ ਤੋਂ ਭਾਰਤ ਵਿੱਚ 282 ਸਿਲੰਡਰ, 60 ਆਕਸੀਜਨ ਕੰਸਨਟ੍ਰੇਟਰਸ, ਵੈਂਟੀਲੇਟਰ ਅਤੇ ਹੋਰ ਡਾਕਟਰੀ ਸਪਲਾਈ ਵਾਲੀ ਉਡਾਣ ਮੰਗਲਵਾਰ ਸਵੇਰੇ ਆਈ।

ਭਾਰਤ ਵਿੱਚ ਕੁਵੈਤ ਦੇ ਰਾਜਦੂਤ ਨੇ ਜਾਣਕਾਰੀ ਦਿੱਤੀ ਕਿ ਅੱਜ ਇੱਕ ਜਹਾਜ਼ ਭਾਰਤ ਲਈ 3 ਟੈਂਕ ਲਿਜਾਣ ਲਈ ਰਵਾਨਾ ਹੋਇਆ ਹੈ । ਇਸ ਵਿੱਚ ਕੁੱਲ 75 ਮੀਟ੍ਰਿਕ ਟਨ ਗੈਸ ਅਤੇ 40 ਲੀਟਰ ਦੇ 1000 ਗੈਸ ਸਿਲੰਡਰ ਅਤੇ ਹੋਰ ਰਾਹਤ ਸਮੱਗਰੀ ਹੈ।

ਜ਼ਿਕਰਯੋਗ ਹੈ ਕਿ ਦੇਸ਼ ਦੀ ਕੋਰੋਨਾ ਤੋਂ ਬਣੀ ਇਸ ਸਥਿਤੀ ਨੂੰ ਵੇਖਦਿਆਂ ਕਈ ਦੇਸ਼ਾਂ ਨੇ ਮਦਦ ਦਾ ਹੱਥ ਅੱਗੇ ਵਧਾਇਆ ਹੈ। ਅਮਰੀਕਾ, ਫਰਾਂਸ, ਕੁਵੈਤ ਬ੍ਰਿਟੇਨ, ਨਿਊਜ਼ੀਲੈਂਡ, ਬੰਗਲਾਦੇਸ਼, ਭੂਟਾਨ, ਆਸਟ੍ਰੇਲੀਆ ਅਤੇ ਹੋਰ ਕਈ ਦੇਸ਼ ਭਾਰਤ ਦੀ ਮਦਦ ਲਈ ਅੱਗੇ ਆਏ ਹਨ । ਕਿਸੇ ਵੀ ਦੇਸ਼ ਤੋਂ ਟੀਕਿਆਂ ਦੀ ਖੇਪ ਮਿਲ ਰਹੀ ਹੈ, ਤਾਂ ਕਿਸੇ ਦੇਸ਼ ਤੋਂ ਆਕਸੀਜਨ ਦੇ ਟੈਂਕਰ ਮਿਲ ਰਹੇ ਹਨ। ਇਸ ਦੇ ਨਾਲ ਹੀ ਕਈ ਦੇਸ਼ਾਂ ਨੇ ਰੈਮੇਡਸਵੀਰ ਦੀ ਖੇਪ ਨੂੰ ਭਾਰਤ ਪਹੁੰਚ ਰਹੀ ਹੈ।

ਦੱਸ ਦੇਈਏ ਕਿ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਿਛਲੇ ਪੰਜ ਦਿਨਾਂ ਵਿੱਚ 25 ਉਡਾਣਾਂ 300 ਟਨ ਕੋਵਿਡ-19 ਰਾਹਤ ਸਮੱਗਰੀ ਲੈ ਕੇ ਪਹੁੰਚੀਆਂ ਹਨ। ਹਵਾਈ ਅੱਡੇ ਦੇ ਸੰਚਾਲਕ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡੀਆਈਏਐਲ) ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਹਵਾਈ ਅੱਡੇ ਨੇ ਅੰਤਰਿਮ ਸਟੋਰੇਜ ਅਤੇ ਰਾਹਤ ਸਮੱਗਰੀ ਦੀ ਵੰਡ ਲਈ 3500 ਵਰਗ ਮੀਟਰ ‘ਤੇ ਇੱਕ ‘ਜੀਵੋਦਿਆ ਗੋਦਾਮ’ ਬਣਾਇਆ ਹੈ।