ਇਜ਼ਰਾਈਲ ਨੇ ਇੱਕ ਵਾਰ ਫਿਰ ਗਾਜ਼ਾ ਪੱਟੀ ‘ਤੇ ਹਮਾਸ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਹਵਾਈ ਹਮਲਾ ਕੀਤਾ ਹੈ । ਇਜ਼ਰਾਈਲੀ ਫੌਜ ਵੱਲੋਂ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ, ਕਿਉਂਕਿ ਗਾਜ਼ਾ ਵੱਲੋਂ ਅੱਗ ਲਗਾਉਣ ਵਾਲੇ ਗੁਬਾਰਿਆਂ ਨੂੰ ਲਾਂਚ ਕੀਤਾ ਗਿਆ ਸੀ ।
ਦਰਅਸਲ, ਬੁੱਧਵਾਰ ਯਾਨੀ ਕਿ ਅੱਜ ਸਵੇਰੇ ਗਾਜ਼ਾ ਸ਼ਹਿਰ ਵਿੱਚ ਕੁਝ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ । ਅਜਿਹੀ ਸਥਿਤੀ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿੱਛੇ ਮਹੀਨੇ ਹੋਈ ਜੰਗਬੰਦੀ ਟੁੱਟ ਗਈ ਹੈ।
ਇਸ ਸਬੰਧੀ ਇਜ਼ਰਾਈਲੀ ਫਾਇਰ ਸਰਵਿਸ ਨੇ ਦੱਸਿਆ ਕਿ ਮੰਗਲਵਾਰ ਨੂੰ ਕੁਝ ਗੁਬਾਰਿਆਂ ਨੂੰ ਗਾਜ਼ਾ ਤੋਂ ਇਜ਼ਰਾਈਲ ਵੱਲ ਭੇਜਿਆ ਗਿਆ । ਇਸ ਕਾਰਨ ਕਈ ਥਾਵਾਂ ‘ਤੇ ਅੱਗ ਲੱਗ ਗਈ । ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਏ 11 ਦਿਨਾਂ ਤੱਕ ਚੱਲੇ ਹਿੰਸਕ ਟਕਰਾਅ ਅਤੇ 21 ਮਈ ਨੂੰ ਜੰਗਬੰਦੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਅਜਿਹੀ ਕਾਰਵਾਈ ਵੇਖੀ ਗਈ ਹੈ ।
ਇਸ ਬਾਰੇ ਇਜ਼ਰਾਈਲ ਦੀ ਡਿਫੈਂਸ ਫੋਰਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸਦੇ ਲੜਾਕੂ ਜਹਾਜ਼ਾਂ ਨੇ ਖਾਨ ਯੂਨਿਸ ਅਤੇ ਗਾਜ਼ਾ ਸ਼ਹਿਰ ਵਿੱਚ ਹਮਾਸ ਵੱਲੋਂ ਸੰਚਾਲਿਤ ਫੌਜੀ ਮਿਕਦਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ।
IDF ਗਾਜ਼ਾ ਪੱਟੀ ਵੱਲੋਂ ਜਾਰੀ ਅੱਤਵਾਦੀ ਕਾਰਵਾਈਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਜ਼ਰਾਈਲ ਦੇ ਇਸ ਹਵਾਈ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ । ਗੌਰਤਲਬ ਹੈ ਕਿ ਪਿਛਲੀ ਵਾਰ ਕੀਤੇ ਗਏ ਹਵਾਈ ਹਮਲੇ ਵਿੱਚ 150 ਤੋਂ ਵੱਧ ਲੋਕ ਮਾਰੇ ਗਏ ਸਨ ।
ਦੱਸ ਦੇਈਏ ਕਿ ਹਮਾਸ ਦੇ ਇੱਕ ਬੁਲਾਰੇ ਨੇ ਟਵਿੱਟਰ ‘ਤੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਕਿ ਫਿਲਿਸਤੀਨੀ ਆਪਣਾ ਬਹਾਦਰ ਪ੍ਰਤਿਰੋਧ ਜਾਰੀ ਰੱਖਣਗੇ ਅਤੇ ਆਪਣੇ ਅਧਿਕਾਰਾਂ ਦੀ ਰੱਖਿਆ ਕਰਨਗੇ ਜਦੋਂ ਤੱਕ ਕਿ ਕਬਜ਼ਾਕਾਰਾਂ ਨੂੰ ਸਾਡੀ ਸਾਰੀ ਧਰਤੀ ਤੋਂ ਬਾਹਰ ਨਹੀਂ ਕੱਢ ਦਿੱਤਾ ਜਾਂਦਾ।” ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲ ਦੇ ਡਰੋਨ ਗਾਜ਼ਾ ਪੱਟੀ ਦੇ ਉੱਪਰ ਉੱਡਦੇ ਵੇਖੇ ਜਾ ਸਕਦੇ ਹਨ ।
ਇਹ ਵੀ ਦੇਖੋ: ਮੋਦੀ ਦੀ ਅੱਖ ਹੁਣ ਤੁਹਾਡੇ ਸੋਨੇ ‘ਤੇ ? ਦੇਖੋ ਕਿਵੇਂ ਸੂਬੇ ਭਰ ਦੇ ਸੁਨਿਆਰੇ ਹੋ ਜਾਣਗੇ ਕੰਗਾਲ !