Joe Biden in first address: ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਕਾਂਗਰਸ ਨੂੰ ਦਿੱਤੇ ਆਪਣੇ ਪਹਿਲੇ ਸਾਂਝੇ ਸੰਬੋਧਨ ਵਿੱਚ ਕਿਹਾ ਕਿ ਅਮਰੀਕਾ ਫਿਰ ਤਰੱਕੀ ਦੇ ਰਾਹ ‘ਤੇ ਹੈ। ਬਾਇਡੇਨ ਨੇ ਅਮਰੀਕੀ ਕਾਂਗਰਸ ਵਿੱਚ ਕਿਹਾ, “ਅਸੀਂ ਦੁਬਾਰਾ ਕੰਮ ਕਰ ਰਹੇ ਹਾਂ, ਮੁੜ ਸੁਪਨੇ ਦੇਖ ਰਹੇ ਹਾਂ, ਫਿਰ ਤੋਂ ਨਵੀਆਂ ਚੀਜ਼ਾਂ ਲੱਭ ਰਹੇ ਹਾਂ । ਦੁਨੀਆ ਦੀ ਦੁਬਾਰਾ ਅਗਵਾਈ ਕਰ ਰਹੇ ਹਾਂ। ਅਸੀਂ ਇੱਕ-ਦੂਜੇ ਅਤੇ ਦੁਨੀਆ ਨੂੰ ਦਿਖਾਇਆ ਹੈ ਕਿ ਅਮਰੀਕਾ ਵਿੱਚ ਹਾਰ ਮੰਨਣ ਦਾ ਕੋਈ ਵਿਕਲਪ ਨਹੀਂ ਹੈ।
ਇਸ ਤੋਂ ਅੱਗੇ ਬਾਇਡੇਨ ਨੇ ਆਰਥਿਕਤਾ ਬਾਰੇ ਕਿਹਾ ਕਿ ਅਮਰੀਕਾ ਨੂੰ ਵਾਪਸੀ ਲਈ ਹੋਰ ਕੁਝ ਕਰਨ ਦੀ ਜ਼ਰੂਰਤ ਹੈ । ਅਸੀਂ ਬਿਹਤਰ ਢੰਗ ਨਾਲ ਵਾਪਸੀ ਕਰਾਂਗੇ। ਅਮਰੀਕਾ ਦੇ ਲੋਕਾਂ ਨੂੰ ਕੋਵਿਡ ਵਿਰੋਧੀ ਟੀਕਾ ਲਗਵਾਉਣ ਦੀ ਅਪੀਲ ਕਰਦਿਆਂ ਕਿਹਾ, “ਜਾਓ, ਟੀਕਾ ਲਗਵਾਓ ।” ਟੀਕੇ ਉਪਲਬਧ ਹਨ।’ ਬਾਇਡੇਨ ਨੇ ਕਿਹਾ, “ਅਮਰੀਕਾ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਫੌਜ ਦੀ ਮੌਜੂਦਗੀ ਕਾਇਮ ਰੱਖੇਗਾ । ਇਹ ਸੰਘਰਸ਼ ਸ਼ੁਰੂ ਕਰਨ ਲਈ ਨਹੀਂ ਹੈ, ਬਲਕਿ ਦੂਜੇ ਦੇਸ਼ਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਹੈ । ਮੈਂ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਨੂੰ ਕਿਹਾ ਕਿ ਅਮਰੀਕਾ ਮੁਕਾਬਲੇ ਦਾ ਸਵਾਗਤ ਕਰਦਾ ਹੈ ਪਰ ਟਕਰਾਅ ਨਹੀਂ ਚਾਹੁੰਦਾ।”
ਦੱਸ ਦੇਈਏ ਕਿ ਅਮਰੀਕਾ ਵਿੱਚ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਬਾਇਡੇਨ ਬੁਲਾਇਆ ਸੀ । ਰਾਸ਼ਟਰਪਤੀ ਬਾਇਡੇਨ ਨੇ ਪਹਿਲੀ ਵਾਰ ਕਾਂਗਰਸ ਵਿੱਚ ਸਾਂਝੇ ਇਜਲਾਸ ਨੂੰ ਸੰਬੋਧਿਤ ਕੀਤਾ। ਪੈਲੋਸੀ ਨੇ ਬਾਇਡੇਨ ਨੂੰ ਲਿਖੀ ਚਿੱਠੀ ਵਿਚ ਕਿਹਾ ਸੀ ਕਿ ਲਗਭਗ 100 ਦਿਨ ਪਹਿਲਾਂ ਜਦੋਂ ਤੁਸੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ, ਤਾਂ ਤੁਸੀਂ ਵੱਡੀ ਉਮੀਦ ਨਾਲ ਵਾਅਦਾ ਕੀਤਾ ਸੀ ਕਿ ਮਦਦ ਆਉਣ ਵਾਲੀ ਹੈ । ਹੁਣ ਤੁਹਾਡੀ ਇਤਿਹਾਸਕ ਅਤੇ ਪਰਿਵਰਤਨਸ਼ੀਲ ਲੀਡਰਸ਼ਿਪ ਦੇ ਕਾਰਨ ਸਹਾਇਤਾ ਇੱਥੇ ਪਹੁੰਚ ਗਈ ਹੈ।