Joe Biden pledges free Covid vaccine: ਬਿਹਾਰ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ ਹੀ ਅਮਰੀਕਾ ਵਿੱਚ ਵੀ ਰਾਸ਼ਟਰਪਤੀ ਚੋਣਾਂ ਨੂੰ ਲੈ ਮਾਹੌਲ ਗਰਮ ਹੈ। ਜਿਸ ਤਰ੍ਹਾਂ ਬਿਹਾਰ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣੇ ਵਾਅਦੇ ਵਿੱਚ ਸਾਰਿਆਂ ਲਈ ਕੋਰੋਨਾ ਵਾਇਰਸ ਦੀ ਵੈਕਸੀਨ ਮੁਫਤ ਦੇਣ ਦਾ ਵਾਅਦਾ ਕੀਤਾ ਹੈ, ਠੀਕ ਉਸੇ ਤਰ੍ਹਾਂ ਦਾ ਐਲਾਨ ਅਮਰੀਕਾ ਵਿੱਚ ਵੀ ਕੀਤਾ ਗਿਆ ਹੈ । ਅਮਰੀਕਾ ਵਿੱਚ 3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਠੀਕ ਪਹਿਲਾਂ ਡੈਮੋਕਰੇਟ ਉਮੀਦਵਾਰ ਜੋ ਬਿਡੇਨ ਨੇ ਅਮਰੀਕੀਆਂ ਨੂੰ ਮੁਫਤ ਵੈਕਸੀਨ ਦੇਣ ਦਾ ਵੱਡਾ ਚੋਣ ਵਾਅਦਾ ਕੀਤਾ ਹੈ। ਜੋ ਬਿਡੇਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇ ਉਹ ਰਾਸ਼ਟਰਪਤੀ ਬਣ ਜਾਂਦੇ ਹਨ ਤਾਂ ਉਹ ਸਾਰੇ ਅਮਰੀਕੀਆਂ ਲਈ ਕੋਵਿਡ-19 ਦੀ ਵੈਕਸੀਨ ਲਾਜ਼ਮੀ ਤੌਰ ‘ਤੇ ਮੁਫਤ ਕਰ ਦੇਣਗੇ। ਉਨ੍ਹਾਂ ਦਾ ਇਹ ਕਦਮ ਕੋਰੋਨਾ ਨਾਲ ਨਜਿੱਠਣ ਦੀ ਕੌਮੀ ਰਣਨੀਤੀ ਦਾ ਹਿੱਸਾ ਹੋਵੇਗਾ।
ਡੋਨਾਲਡ ਟਰੰਪ ‘ਤੇ ਹਮਲਾ ਕਰਦੇ ਹੋਏ ਜੋ ਬਿਡੇਨ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਵਿੱਚ ਅਸਮਰਥ ਰਿਹਾ ਹੈ ਅਤੇ ਉਨ੍ਹਾਂ ਨੇ ਕੋਰੋਨਾ ਨਾਲ ਯੁੱਧ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਇਸਨੂੰ ਅਮਰੀਕਾ ‘ਤੇ ਛੱਡ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਠੀਕ 11 ਦਿਨ ਪਹਿਲਾਂ ਬਿਡੇਨ ਨੇ ਕੋਰੋਨਾ ਨਾਲ ਨਜਿੱਠਣ ਬਾਰੇ ਕਿਹਾ ਕਿ ਇੱਕ ਵਾਰ ਸਾਡੇ ਕੋਲ ਸੁਰੱਖਿਅਤ ਅਤੇ ਪ੍ਰਭਾਵੀ ਵੈਕਸੀਨ ਆ ਜਾਵੇ, ਤਾਂ ਇਹ ਹਰ ਅਮਰੀਕੀ ਲਈ ਮੁਫਤ ਹੋਵੇਗੀ, ਭਾਵੇਂ ਤੁਹਾਡੇ ਕੋਲ ਬੀਮਾ ਹੈ ਜਾਂ ਨਹੀਂ।
ਬਿਡੇਨ ਨੇ ਕੋਰੋਨਾ ਤੋਂ ਅਮਰੀਕਾ ਵਿੱਚ ਹੋਈਆਂ ਮੌਤਾਂ ਨੂੰ ਲੈ ਕੇ ਵੀ ਟਰੰਪ ‘ਤੇ ਹਮਲਾ ਬੋਲਿਆ ਅਤੇ ਕਿਹਾ ਕਿ ਕੋਰੋਨਾ ਕਾਰਨ ਦੁਨੀਆ ਵਿੱਚ ਸਭ ਤੋਂ ਵੱਧ 2,23,000 ਲੋਕਾਂ ਦੀ ਮੌਤ ਹੋਈ । ਉਨ੍ਹਾਂ ਕਿਹਾ ਕਿ ਕੋਰੋਨਾ ਵਰਗੀ ਮਹਾਂਮਾਰੀ ਵਿਸ਼ਵ ਨੇ ਇਤਿਹਾਸ ਵਿੱਚ ਨਹੀਂ ਵੇਖੀ ਹੈ। ਇੱਥੇ ਅੱਠ ਮਹੀਨੇ ਹੋ ਚੁੱਕੇ ਹਨ, ਪਰ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਕੋਈ ਯੋਜਨਾ ਨਹੀਂ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਜੇ ਉਹ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਰਾਸ਼ਟਰੀ ਰਣਨੀਤੀ ਲਾਗੂ ਕੀਤੀ ਜਾਵੇਗੀ ਜਿਸ ਨਾਲ ਕੋਰੋਨਾ ਵਾਇਰਸ ਨੂੰ ਦੂਰ ਕੀਤਾ ਜਾ ਸਕੇ ਅਤੇ ਜੀਵਨ ਨੂੰ ਪਟੜੀ ‘ਤੇ ਲਿਆਇਆ ਜਾ ਸਕੇ। ਇਸ ਵਿੱਚ ਸਾਰੇ 50 ਰਾਜਾਂ ਦੇ ਰਾਜਪਾਲਾਂ ਦੇ ਵਿਚਾਰ ਵੀ ਸ਼ਾਮਿਲ ਹੋਣਗੇ। ਬਿਡੇਨ ਨੇ ਕਿਹਾ ਕਿ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤਣ ਤੋਂ ਬਾਅਦ ਮੈਂ ਕਾਂਗਰਸ ਨੂੰ ਅਪੀਲ ਕਰਾਂਗਾ ਕਿ ਵਾਇਰਸ ਨਾਲ ਨਜਿੱਠਣ ਲਈ ਹਰ ਵੱਡਾ ਬਿੱਲ ਪਾਸ ਕੀਤਾ ਜਾਵੇ, ਮਾਸਕ ਹਰ ਥਾਂ ਲਾਜ਼ਮੀ ਹੋਣ ਅਤੇ ਰਾਸ਼ਟਰੀ ਜਾਂਚ ਯੋਜਨਾ ਲਾਗੂ ਕੀਤੀ ਜਾਵੇ।
ਦੱਸ ਦੇਈਏ ਕਿ ਪਿਛਲੇ ਦਿਨੀਂ ਜਦੋਂ ਬਿਹਾਰ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਸੀ, ਤਾਂ ਇਸ ਵਿੱਚ ਸਭ ਤੋਂ ਵੱਡੇ ਚੋਣ ਵਾਅਦੇ ਵਜੋਂ ਮੁਫਤ ਟੀਕਾ ਸੀ। ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਵਾਅਦੇ ਵਿੱਚ ਕਿਹਾ ਹੈ ਕਿ ਜੇਕਰ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਬਿਹਾਰ ਵਿੱਚ ਕੋਰੋਨਾ ਵੈਕਸੀਨ ਦਾ ਮੁਫਤ ਟੀਕਾਕਰਣ ਕੀਤਾ ਜਾਵੇਗਾ।