Joe Biden wins more votes: ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਦੀ ਗਿਣਤੀ ਵਿੱਚ ਜੋ ਨਤੀਜੇ ਸਾਹਮਣੇ ਆਏ ਹਨ, ਉਸ ਵਿੱਚ ਡੈਮੋਕਰੇਟ ਉਮੀਦਵਾਰ ਜੋ ਬਿਡੇਨ ਜਿੱਤਦੇ ਦਿਖਾਈ ਦੇ ਰਹੇ ਹਨ । ਡੈਮੋਕਰੇਟਿਕ ਉਮੀਦਵਾਰ ਜੋ ਬਿਡੇਨ ਨੇ ਰਾਸ਼ਟਰਪਤੀ ਅਹੁਦੇ ਲਈ ਨਿਰਧਾਰਿਤ 270 ਇਲੈਕਟੋਰਲ ਵੋਟਾਂ ਵਿੱਚੋਂ 264 ਵੋਟਾਂ ਹਾਸਿਲ ਕਰ ਲਈਆਂ ਹਨ, ਜਦੋਂਕਿ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 214 ਵੋਟਾਂ ਹਾਸਿਲ ਹੋਈਆਂ ਹਨ। ਪਰ ਇਸ ਦੌਰਾਨ ਜੋ ਬਿਡੇਨ ਨੇ ਵੀ ਇੱਕ ਰਿਕਾਰਡ ਬਣਾਇਆ ਹੈ ਜੋ ਅਮਰੀਕਾ ਦੇ ਇਤਿਹਾਸ ਵਿੱਚ ਕਿਸੇ ਹੋਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੇ ਨਹੀਂ ਬਣਾਇਆ।
ਮੀਡੀਆ ਰਿਪੋਰਟਾਂ ਅਨੁਸਾਰ ਡੈਮੋਕਰੇਟ ਉਮੀਦਵਾਰ ਜੋ ਬਿਡੇਨ ਨੇ ਅਮਰੀਕਾ ਦੇ ਇਤਿਹਾਸ ਵਿੱਚ ਹੁਣ ਤੱਕ ਸਭ ਤੋਂ ਵੱਧ ਵੋਟਾਂ ਹਾਸਿਲ ਕੀਤੀਆਂ ਹਨ । ਹੁਣ ਤੱਕ ਦੀ ਗਿਣਤੀ ਵਿੱਚ ਤਕਰੀਬਨ 70 ਮਿਲੀਅਨ ਤੋਂ ਵੱਧ ਵੋਟਾਂ ਹਾਸਿਲ ਕਰ ਕੇ ਜੋ ਬਿਡੇਨ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦਾ ਰਿਕਾਰਡ ਵੀ ਤੋੜ ਦਿੱਤਾ ਹੈ । ਹੁਣ ਤੱਕ ਦੇ ਨਤੀਜਿਆਂ ਦੇ ਅਨੁਸਾਰ ਜੋ ਬਿਡੇਨ ਨੂੰ 72,049,341 ਵੋਟਾਂ ਮਿਲੀਆਂ ਹਨ, ਜੋ ਕਿਸੇ ਵੀ ਰਾਸ਼ਟਰਪਤੀ ਉਮੀਦਵਾਰ ਨੂੰ ਮਿਲਣ ਵਾਲੀਆਂ ਵੋਟਾਂ ਨਾਲੋਂ ਕਿਤੇ ਵੱਧ ਹਨ । ਇਸ ਤੋਂ ਪਹਿਲਾਂ 2008 ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ 69,498,516 ਵੋਟਾਂ ਮਿਲੀਆਂ ਸਨ, ਜੋ ਅੱਜ ਤਕ ਦਾ ਰਿਕਾਰਡ ਸੀ । ਪਰ ਜੋ ਬਿਡੇਨ ਨੇ ਉਨ੍ਹਾਂ ਤੋਂ ਵੱਧ ਵੋਟਾਂ ਲੈ ਕੇ ਪਿਛਲਾ ਵੋਟ ਰਿਕਾਰਡ ਤੋੜ ਦਿੱਤਾ ਹੈ । ਸਾਲ 1996 ਵਿੱਚ ਬਿਲ ਕਲਿੰਟਨ ਨੂੰ 47401185 ਵੋਟਾਂ ਮਿਲੀਆਂ ਸਨ।
ਫਿਲਹਾਲ ਇਹ ਦੇਖਣਾ ਹੋਵੇਗਾ ਕਿ ਅਮਰੀਕਾ ਦੀ ਵਾਗਡੋਰ ਫਿਰ ਤੋਂ ਡੋਨਾਲਡ ਟਰੰਪ ਦੇ ਹੱਥ ਵਿੱਚ ਹੋਵੇਗੀ ਜਾਂ ਫਿਰ ਬਿਡੇਨ ਸੱਤਾ ਸੰਭਾਲਣਗੇ, ਇਹ ਫੈਸਲਾ ਗਿਣਤੀ ਦੇ ਜ਼ਰੀਏ ਕੀਤਾ ਜਾ ਰਿਹਾ ਹੈ । ਪਰ ਹੁਣ ਤੱਕ ਦੇ ਨਤੀਜਿਆਂ ਅਨੁਸਾਰ ਜੋ ਬਿਡੇਨ ਇਲੈਕਟੋਰਲ ਵੋਟਾਂ ਦੇ ਨਾਲ-ਨਾਲ ਲਗਭਗ 3463182 ਵੋਟਾਂ ਨਾਲ ਅੱਗੇ ਚੱਲ ਰਿਹਾ ਹੈ । ਵੋਟ ਪ੍ਰਤੀਸ਼ਤ ਵਿੱਚ ਵੀ ਲਗਭਗ ਚਾਰ ਪ੍ਰਤੀਸ਼ਤ ਦਾ ਅੰਤਰ ਦਿਖਾਈ ਦੇ ਰਿਹਾ ਹੈ।
ਦੱਸ ਦੇਈਏ ਕਿ ਕੈਲੀਫੋਰਨੀਆ ਸਮੇਤ ਹਾਲੇ ਕਰੋੜਾਂ ਵੋਟਾਂ ਦੀ ਗਿਣਤੀ ਬਾਕੀ ਹੈ, ਜਿਸ ਵਿੱਚ ਕੈਲੀਫੋਰਨੀਆ ਵਿੱਚ ਵੀ ਸ਼ਾਮਿਲ ਹੈ। ਕੈਲੀਫੋਰਨੀਆ ਵਿੱਚ ਹੁਣ ਤੱਕ ਲਗਭਗ 64 ਪ੍ਰਤੀਸ਼ਤ ਵੋਟਾਂ ਦੀ ਗਿਣਤੀ ਕੀਤੀ ਜਾ ਚੁੱਕੀ ਹੈ । ਹਾਲਾਂਕਿ, ਟਰੰਪ ਨੂੰ 68,586,160 ਵੋਟਾਂ ਮਿਲੀਆਂ ਹਨ, ਜੋ ਕਿ ਓਬਾਮਾ ਦੀਆਂ ਵੋਟਾਂ ਦੇ ਨੇੜੇ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਡੋਨਾਲਡ ਟਰੰਪ ਓਬਾਮਾ ਨੂੰ ਮਿਲੀਆਂ ਵੋਟਾਂ ਦੀ ਗਿਣਤੀ ਛੂਹ ਲੈਣਗੇ ।