Lawmakers in eight countries: ਦੱਖਣੀ ਸਾਗਰ, ਹਾਂਗਕਾਂਗ ਦੇ ਮੁੱਦੇ ਅਤੇ ਹੁਣ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਖਿਲਾਫ਼ ਵਿਸ਼ਵਵਿਆਪੀ ਪੱਧਰ ‘ਤੇ ਤਣਾਅ ਤੇਜ਼ ਹੋ ਗਿਆ ਹੈ । ਇਸੇ ਤਰਤੀਬ ਵਿੱਚ ਅਮਰੀਕਾ ਨਾਲ ਅੱਠ ਦੇਸ਼ਾਂ ਨੇ ਚੀਨ ਦੇ ਵਿਰੁੱਧ ਅੰਤਰ ਪਾਰਲੀਮੈਂਟਰੀ ਅਲਾਇੰਸ ਆਨ ਚਾਈਨਾ (ਆਈਪੈਕ) ਦੇ ਨਾਮ ਹੇਠ ਗੱਠਜੋੜ ਬਣਾਇਆ ਹੈ । ਦੂਜੇ ਪਾਸੇ, ਚੀਨ ਨੇ ਕਿਹਾ ਹੈ ਕਿ ਸਥਿਤੀ ਪਹਿਲਾਂ ਵਰਗੀ ਨਹੀਂ ਹੈ, ਦੁਨੀਆ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਰੇ ਮਿਲ ਕੇ ਇਸ ਨੂੰ ਰੋਕ ਦੇਣਗੇ । ਇਸ ਦੌਰਾਨ ਭਾਰਤ ਨਾਲ ਲੱਦਾਖ ਵਿੱਚ ਚੱਲ ਰਹੇ ਸਰਹੱਦੀ ਵਿਵਾਦ ‘ਤੇ ਵੀ ਦੁਨੀਆ ਦੀ ਨਜ਼ਰ ਹੈ ।
ਆਈਪੈਕ ਦਾ ਗਠਨ ਅਮਰੀਕਾ ਦੇ ਸੀਨੇਟਰ ਮਾਰਕੋ ਰੂਬੀਓ ਦੀ ਅਗਵਾਈ ਵਿੱਚ ਕੀਤਾ ਗਿਆ ਸੀ । ਇਸ ਗੱਠਜੋੜ ਵਿੱਚ ਅਮਰੀਕਾ ਸਮੇਤ ਜਰਮਨੀ, ਬ੍ਰਿਟੇਨ, ਜਾਪਾਨ, ਆਸਟ੍ਰੇਲੀਆ, ਕੈਨੇਡਾ, ਸਵੀਡਨ, ਨਾਰਵੇ ਅਤੇ ਯੂਰਪ ਤੋਂ 20 ਸੰਸਦ ਮੈਂਬਰ ਸ਼ਾਮਿਲ ਹਨ । ਸਾਰੇ ਚੀਨ ਨੂੰ ਇੱਕ ਵਿਸ਼ਵਵਿਆਪੀ ਚੁਣੌਤੀ ਦੇ ਤੌਰ ‘ਤੇ ਦੇਖ ਰਹੇ ਹਨ ਅਤੇ ਵਪਾਰ, ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਲਈ ਇੱਕ ਵੱਡਾ ਖਤਰਾ ਮੰਨ ਰਹੇ ਹਨ ।
ਇਹ ਗੱਠਜੋੜ ਚੀਨ ਦੀਆਂ ਸਾਰੀਆਂ ਕਾਰਵਾਈਆਂ ਦਾ ਹੁੰਗਾਰਾ ਭਰਨ ਅਤੇ ਪ੍ਰਭੂਸੱਤਾ ਦੀ ਆੜ ਹੇਠ ਡ੍ਰੈਗਨ ਦੀ ਮਨਮਾਨੀ ਨੂੰ ਠੱਲ ਪਾਉਣ ਦੀ ਰਣਨੀਤੀ ‘ਤੇ ਕੰਮ ਕਰੇਗਾ । ਦੂਜੇ ਪਾਸੇ ਚੀਨੀ ਮੀਡੀਆ ਨੇ ਅਜਿਹੇ ਗਠਜੋੜ ਨੂੰ ਵਿਅਰਥ ਕਰਾਰ ਦਿੱਤਾ ਹੈ । ਚੀਨ ਨੇ ਕਿਹਾ, ਸਾਨੂੰ 1990 ਦਾ ਦੇਸ਼ ਮੰਨਣਾ ਦੁਨੀਆ ਦੀ ਗਲਤੀ ਹੋਵੇਗੀ । ਸਥਿਤੀ ਹੁਣ ਪਹਿਲਾਂ ਜਿਹੀ ਨਹੀਂ ਰਹੀ, 21ਵੀਂ ਸਦੀ ਵਿੱਚ ਸਾਡੇ ਵਿਰੁੱਧ ਖੜ੍ਹਨਾ ਮੁਸ਼ਕਿਲ ਹੋਵੇਗਾ । ਚੀਨ ਨੇ ਡਰਾਉਣ ਦੀ ਸੋਚ ਨਾਲ ਕਿਹਾ ਕਿ ਅਜਿਹੀ ਕਿਸੇ ਕੋਸ਼ਿਸ਼ ਦਾ ਨਤੀਜਾ ਭੁਗਤਣਾ ਪਏਗਾ ।