ਰੂਸ ਨੇ ਵੀਰਵਾਰ ਨੂੰ ਯੂਕਰੇਨ ਦੇ ਖਿਲਾਫ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਵਿਗੜਦੀ ਸਥਿਤੀ ਦੇ ਮੱਦੇਨਜ਼ਰ ਭਾਰਤ ਸਰਕਾਰ ਲਗਾਤਾਰ ਯੂਕਰੇਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਯਤਨ ਕਰ ਰਹੀ ਹੈ । ਸ਼ੁੱਕਰਵਾਰ ਨੂੰ ਵਿਦੇਸ਼ ਮੰਤਰਾਲੇ ਵੱਲੋਂ ਸਰਕਾਰੀ ਟੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜੋ ਭਾਰਤੀ ਨਾਗਰਿਕਾਂ ਦੀ ਮਦਦ ਲਈ ਹੰਗਰੀ, ਪੋਲੈਂਡ, ਸਲੋਵਾਕੀਆ ਅਤੇ ਰੋਮਾਨੀਆ ਵਿੱਚ ਕੰਮ ਕਰ ਰਹੀਆਂ ਹਨ । ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਨਾਗਰਿਕਾਂ ਅਤੇ ਖਾਸ ਕਰਕੇ ਵਿਦਿਆਰਥੀਆਂ ਦੀ ਸੁਰੱਖਿਆ ਦਾ ਮੁੱਦਾ ਵੀ ਚੁੱਕਿਆ ਸੀ ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਮੰਤਰਾਲੇ ਦੀਆਂ ਟੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ । ਉਨ੍ਹਾਂ ਨੇ ਲਿਖਿਆ ਕਿ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਹੰਗਰੀ, ਪੋਲੈਂਡ, ਸਲੋਵਾਕੀਆ ਅਤੇ ਰੋਮਾਨੀਆ ਵਿੱਚ ਭਾਰਤੀ ਦੂਤਾਵਾਸ ਦੀਆਂ ਟੀਮਾਂ ਯੂਕਰੇਨ ਨਾਲ ਲੱਗਦੀ ਜ਼ਮੀਨੀ ਸਰਹੱਦ ‘ਤੇ ਪਹੁੰਚ ਰਹੀਆਂ ਹਨ। ਉਨ੍ਹਾਂ ਅੱਗੇ ਲਿਖਿਆ ਕਿ ਯੂਕਰੇਨ ਦੀ ਸਰਹੱਦ ‘ਤੇ ਮੌਜੂਦ ਭਾਰਤੀ ਨਾਗਰਿਕ ਇਨ੍ਹਾਂ ਟੀਮਾਂ ਨਾਲ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ: ਤੇਜ਼ ਧਮਾਕਿਆਂ ਨਾਲ ਦਹਿਲੀ ਯੂਕਰੇਨ ਦੀ ਰਾਜਧਾਨੀ ਕੀਵ, ਰੂਸੀ ਹਮਲੇ ‘ਚ ਹੁਣ ਤੱਕ 137 ਲੋਕਾਂ ਦੀ ਮੌਤ
ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਭਾਰਤ ਸਰਕਾਰ ਨੇ 24 ਘੰਟੇ ਹੈਲਪਲਾਈਨ ਨੰਬਰ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਲਈ ਦਿੱਲੀ ਵਿੱਚ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਸਰਕਾਰ ਵੱਲੋਂ +911123012113, +911123914104, +911123017905 ਅਤੇ 1800118797 ਨੰਬਰ ਜਾਰੀ ਕੀਤੇ ਗਏ ਹਨ।
ਰੂਸੀ ਫੌਜਾਂ ਵੱਲੋਂ ਯੂਕਰੇਨ ਵਿੱਚ ਰੂਸ ਦੀ ਸਰਹੱਦ ਨਾਲ ਲੱਗਦੇ ਸੂਮੀ ਸ਼ਹਿਰ ‘ਤੇ ਕਬਜ਼ਾ ਕਰਨ ਤੋਂ ਬਾਅਦ ਘੱਟੋ-ਘੱਟ 400 ਭਾਰਤੀ ਵਿਦਿਆਰਥੀਆਂ ਨੇ ਇੱਕ ਬੇਸਮੈਂਟ ਵਿੱਚ ਸ਼ਰਨ ਲਈ ਹੈ ਅਤੇ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਕੱਢਣ ਦੀ ਅਪੀਲ ਕੀਤੀ ਹੈ । ਇਨ੍ਹਾਂ ਵਿੱਚੋਂ ਜ਼ਿਆਦਾਤਰ ਸੁਮੀ ਸਟੇਟ ਮੈਡੀਕਲ ਕਾਲਜ ਦੇ ਵਿਦਿਆਰਥੀ ਹਨ । ਉਨ੍ਹਾਂ ਕਿਹਾ ਕਿ ਬਾਹਰੋਂ ਗੋਲੀਆਂ ਚੱਲਣ ਦੀ ਆਵਾਜ਼ ਕਾਰਨ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।
ਇਹ ਵੀ ਪੜ੍ਹੋ: ਬਾਇਡਨ ਦੀ ਰੂਸ ਨੂੰ ਚੇਤਵਾਨੀ, ਕਿਹਾ-“ਜੇ ਪੁਤਿਨ NATO ਦੇਸ਼ਾਂ ‘ਚ ਦਾਖਲ ਹੋਏ ਤਾਂ ਅਮਰੀਕਾ ਦਖਲ ਦੇਵੇਗਾ”
ਦੱਸ ਦੇਈਏ ਕਿ ਯੂਕਰੇਨ ਵਿੱਚ 20,000 ਤੋਂ ਵੱਧ ਭਾਰਤੀ ਫਸੇ ਹੋਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਹਨ । ਮਹਾਰਾਸ਼ਟਰ, ਕੇਰਲ, ਹਰਿਆਣਾ, ਗੁਜਰਾਤ, ਪੰਜਾਬ, ਕਰਨਾਟਕ ਅਤੇ ਉਤਰਾਖੰਡ ਸਮੇਤ ਕਈ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਯੂਕਰੇਨ ਵਿੱਚ ਫਸੇ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਦੌਰਾਨ ਭਾਰਤ ਨੇ ਉਥੇ ਫਸੇ ਆਪਣੇ ਨਾਗਰਿਕਾਂ ਨੂੰ ਭਰੋਸਾ ਦਿਵਾਇਆ ਕਿ ਵਿਦਿਆਰਥੀਆਂ ਸਮੇਤ ਯੂਕਰੇਨ ਤੋਂ ਸਾਰੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: