Nurse arrested for allegedly threatening: ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ ਫਲੋਰਿਡਾ ਸੂਬੇ ਦੀ 39 ਸਾਲਾਂ ਇੱਕ ਨਰਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਇੱਕ ਖਬਰ ਅਨੁਸਾਰ ਅਮਰੀਕੀ ਖੁਫੀਆ ਸੇਵਾ ਦੀ ਜਾਂਚ ਤੋਂ ਬਾਅਦ ਨਿਵਿਆਨੇ ਪੇਟਿਟ ਫੈਲਪਸ ਨੂੰ ਗ੍ਰਿਫਤਾਰ ਕਰ ਲਿਆ ਗਿਆ । ਦਰਜ ਮਾਮਲੇ ਅਨੁਸਾਰ ਫੈਲਪਸ ਨੇ 13 ਤੋਂ 18 ਫਰਵਰੀ ਦਰਮਿਆਨ ਜਾਣ-ਬੁਝ ਕੇ ਉਪ ਰਾਸ਼ਟਰਪਤੀ ਨੂੰ ਜਾਨ ਤੋਂ ਮਾਰਨ ਅਤੇ ਸਰੀਰਿਕ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ।
ਦਰਅਸਲ, ਫੈਲਪਸ ਜੈਕਸਨ ਹੈਲਥ ਸਿਸਟਮ ਨਾਲ ਜੁੜੀ ਨਰਸ ਹੈ । ਦੋਸ਼ਾਂ ਅਨੁਸਾਰ ਉਸ ਨੇ ਜੇਲ੍ਹ ਵਿੱਚ ਬੰਦ ਆਪਣੇ ਪਤੀ ਨੂੰ ਵੀਡੀਓ ਭੇਜ ਕੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਅਤੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਵਿਰੁੱਧ ਨਫਰਤ ਭਰੇ ਸ਼ਬਦਾਂ ਦੀ ਵਰਤੋਂ ਕੀਤੀ । ਉਸ ਨੇ ਇੱਕ ਵੀਡੀਓ ਵਿੱਚ ਕਿਹਾ ਕਿ, “ਕਮਲਾ ਹੈਰਿਸ ਤੁਸੀਂ ਮਰਨ ਜਾ ਰਹੇ ਹੋ ਅਤੇ ਤੁਹਾਡੇ ਕੋਲ ਗਿਣਤੀ ਦੇ ਦਿਨ ਬਚੇ ਹਨ । ਇਸ ਤੋਂ ਇਲਾਵਾ 18 ਫਰਵਰੀ ਨੂੰ ਭੇਜੇ ਇੱਕ ਹੋਰ ਵੀਡੀਓ ਵਿੱਚ ਉਸਨੇ ਕਿਹਾ, “ਮੈਂ ਗਨ ਰੇਂਜ ਜਾ ਰਹੀ ਹਾਂ। ਰੱਬ ਦੀ ਕਸਮ ਖਾਂਦੀ ਹਾਂ ਕਿ ਅੱਜ ਤੁਹਾਡਾ ਦਿਨ ਹੈ, ਤੁਸੀ ਮਰਨ ਵਾਲੇ ਹੋ। ਅੱਜ ਤੋਂ 50 ਦਿਨ ਹਨ। ਇਸ ਦਿਨ ਨੂੰ ਲਿਖ ਕੇ ਰੱਖ ਲਓ।”
ਸਦਰਨ ਡਿਸਟ੍ਰਿਕਟ ਆਫ ਫਲੋਰਿਡਾ ਦੀ ਯੂਨਾਈਟੇਡ ਸਟੇਟਸ ਡਿਸਟ੍ਰਿਕਟ ਕੋਰਟ ਵਿੱਚ ਦਰਜ ਸ਼ਿਕਾਇਤ ਅਨੁਸਾਰ ਨਰਸ ਨੇ ਸਭ ਕੁਝ ਜਾਣਦਿਆਂ 13 ਤੋਂ 18 ਫਰਵਰੀ ਤੱਕ ਅਮਰੀਕੀ ਉਪ ਰਾਸ਼ਟਰਪਤੀ ਨੂੰ ਜਾਨ ਤੋਂ ਮਾਰਨ ਅਤੇ ਸਰੀਰਕ ਤੌਰ ‘ਤੇ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਸੀ । ਸ਼ਿਕਾਇਤ ਦੇ ਅਨੁਸਾਰ ਉਸਨੇ ਫਰਵਰੀ ਵਿੱਚ ਅਸਲਾ ਪਰਮਿਟ ਲਈ ਅਰਜ਼ੀ ਵੀ ਦਿੱਤੀ ਸੀ । 3 ਮਾਰਚ ਨੂੰ ਸੀਕ੍ਰੇਟ ਸਰਵਿਸ ਅਤੇ ਜਾਸੂਸ ਪੁੱਛ-ਗਿੱਛ ਲਈ ਫੇਲਪਸ ਦੇ ਘਰ ਗਏ ਸਨ, ਪਰ ਉਸਨੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।