Pakistan May Lift Ban: ਭਾਰਤ ਅਤੇ ਪਾਕਿਸਤਾਨ ਵਿਚਾਲੇ ਵਪਾਰ ਨੂੰ ਲੈ ਕੇ ਇਮਰਾਨ ਖਾਨ ਦੀ ਮੰਤਰੀ ਮੰਡਲ ਨੇ ਵੱਡਾ ਫੈਸਲਾ ਲਿਆ ਹੈ। ਆਰਥਿਕ ਮਾਮਲਿਆਂ ਨਾਲ ਜੁੜੇ ਮੰਤਰੀ ਮੰਡਲ ਨੇ ਭਾਰਤ ਨਾਲ ਵਪਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਪਾਕਿਸਤਾਨ ਜੂਨ 2021 ਤੱਕ ਭਾਰਤ ਤੋਂ ਕਪਾਹ ਦਾ ਆਯਾਤ ਕਰੇਗਾ। ਪਾਕਿਸਤਾਨੀ ਮੀਡੀਆ ਅਨੁਸਾਰ ਪਾਕਿਸਤਾਨ ਖੰਡ ਨੂੰ ਲੈ ਕੇ ਜਲਦੀ ਫੈਸਲਾ ਲੈ ਸਕਦਾ ਹੈ ਅਤੇ ਆਯਾਤ ‘ਤੇ ਮੋਹਰ ਲਗਾ ਸਕਦਾ ਹੈ।
ਦਰਅਸਲ, ਪਾਕਿਸਤਾਨ ਦੀ ਕੈਬਨਿਟ ਆਰਥਿਕ ਤਾਲਮੇਲ ਕਮੇਟੀ ਨੇ ਬੁੱਧਵਾਰ ਨੂੰ ਇੱਕ ਰਿਪੋਰਟ ਪੇਸ਼ ਕੀਤੀ । ਇਸ ਰਿਪੋਰਟ ਵਿੱਚ ਭਾਰਤ ਨਾਲ ਕਪਾਹ ਅਤੇ ਖੰਡ ਦਾ ਵਪਾਰ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ ਸੀ । ਕਮੇਟੀ ਦੀ ਇਸ ਰਿਪੋਰਟ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਪਾਕਿਸਤਾਨ ਅਧਿਕਾਰਤ ਤੌਰ ‘ਤੇ ਭਾਰਤ ਨਾਲ ਵਪਾਰ ਸ਼ੁਰੂ ਕਰਨ ਲਈ ਤਿਆਰੀ ਵਿੱਚ ਹੈ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਆਪਸੀ ਸਬੰਧਾਂ ਦੀ ਨਾਰਾਜ਼ਗੀ ਸਭ ਜਾਣਦੇ ਹਨ । ਅਗਸਤ 2019 ਵਿੱਚ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਬੌਖਲਾ ਗਿਆ ਸੀ । ਪਾਕਿਸਤਾਨ ਨੇ ਭਾਰਤ ਨਾਲ ਵਪਾਰ ਬੰਦ ਕਰ ਦਿੱਤਾ ਸੀ । ਉੱਥੇ ਹੀ ਦੂਜੇ ਪਾਸੇ ਭਾਰਤ ਨੇ ਵੀ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਤੋਂ ਆਉਣ ਵਾਲੇ ਸਾਰੇ ਸਮਾਨ ‘ਤੇ 200 ਪ੍ਰਤੀਸ਼ਤ ਦੀ ਡਿਊਟੀ ਲਗਾ ਦਿੱਤੀ ਸੀ । ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਲਗਭਗ ਠੱਪ ਹੋ ਗਿਆ ਸੀ। ਪਾਕਿਸਤਾਨ ਖੰਡ ਅਤੇ ਕਪਾਹ ਦੇ ਆਯਾਤ ਦੇ ਪੱਖ ਵਿੱਚ ਇਸ ਲਈ ਆਇਆ ਹੈ ਕਿਉਂਕਿ ਪਾਕਿਸਤਾਨ ਨੂੰ ਇਨ੍ਹਾਂ ਦੋਵਾਂ ਲਈ ਕਾਫ਼ੀ ਸੰਘਰਸ਼ ਕਰਨਾ ਪਿਆ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਈ 2020 ਵਿੱਚ ਪਾਕਿਸਤਾਨ ਨੇ ਭਾਰਤ ਤੋਂ ਆਯਾਤ ਹੋਣ ਵਾਲੀਆਂ ਦਵਾਈਆਂ ਅਤੇ ਕੱਚੇ ਮਾਲ ‘ਤੇ ਲੱਗੀ ਪਾਬੰਦੀ ਵੀ ਹਟਾ ਦਿੱਤੀ ਸੀ । ਪਾਕਿਸਤਾਨ ਨੇ ਇਹ ਫੈਸਲਾ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲਿਆ, ਤਾਂ ਜੋ ਦੇਸ਼ ਦੇ ਲੋਕਾਂ ਨੂੰ ਦਵਾਈਆਂ ਅਤੇ ਸਿਹਤ ਸੰਬੰਧੀ ਹੋਰ ਚੀਜ਼ਾਂ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਦੇਖੋ: Deep Sidhu ਦੀ ਰਿਹਾਈ ‘ਤੇ LIVE ਅਪਡੇਟ ! ਅੱਜ ਆਉਣ ਵਾਲਾ ਹੈ ਵੱਡਾ ਫੈਸਲਾ