PM Modi phone call with Biden: ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਫੋਨ ‘ਤੇ ਗੱਲ ਕੀਤੀ। ਅਮਰੀਕਾ ਨੇ ਭਾਰਤ ਨੂੰ ਵੈਕਸੀਨ ਬਣਾਉਣ ਲਈ ਕੱਚਾ ਮਾਲ ਭੇਜਣ ਦੀ ਗੱਲ ਕਹੀ ਸੀ । ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲਬਾਤ ਮਹੱਤਵਪੂਰਨ ਮੰਨੀ ਜਾ ਰਹੀ ਹੈ । ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਦੀ ਲਾਗ ਨੂੰ ਕਾਬੂ ਕਰਨ ਲਈ ਆਪਸੀ ਸਹਿਯੋਗ ਨੂੰ ਲੈ ਕੇ ਦੋਨੋਂ ਨੇਤਾਵਾਂ ਵਿਚਾਲੇ ਵਿਚਾਰ ਵਟਾਂਦਰੇ ਹੋਏ ਹਨ।
ਅਮਰੀਕੀ ਰਾਸ਼ਟਰਪਤੀ ਨਾਲ ਗੱਲਬਾਤ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ “ਜੋ ਬਾਇਡੇਨ ਨਾਲ ਫਲਦਾਇਕ ਗੱਲਬਾਤ ਹੋਈ। ਅਸੀਂ ਦੋਵਾਂ ਦੇਸ਼ਾਂ ਵਿੱਚ COVID ਦੀ ਸਥਿਤੀ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰੇ ਕੀਤੇ। ਮੈਂ ਭਾਰਤ ਨੂੰ ਸੰਯੁਕਤ ਰਾਜ ਅਮਰੀਕਾ ਵੱਲੋਂ ਪ੍ਰਦਾਨ ਕੀਤੇ ਜਾ ਰਹੇ ਸਮਰਥਨ ਲਈ ਰਾਸ਼ਟਰਪਤੀ ਬਾਇਡੇਨ ਦਾ ਧੰਨਵਾਦ ਕੀਤਾ।” ਪੀਐਮ ਮੋਦੀ ਨੇ ਕਿਹਾ ਕਿ ਜੋ ਬਾਇਡੇਨ ਨੇ ਵੈਕਸੀਨ ਦੇ ਕੱਚੇ ਮਾਲ ਅਤੇ ਦਵਾਈਆਂ ਦੀ ਇੱਕ ਸਧਾਰਣ ਅਤੇ ਕੁਸ਼ਲ ਸਪਲਾਈ ਚੇਨ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ । ਭਾਰਤ-ਅਮਰੀਕਾ ਸਿਹਤ ਦੇਖਭਾਲ ਦੀ ਭਾਈਵਾਲੀ COVID-19 ਦੀ ਵਿਸ਼ਵਵਿਆਪੀ ਚੁਣੌਤੀ ਨੂੰ ਹੱਲ ਕਰ ਸਕਦੀ ਹੈ।”
ਇਸ ਸਬੰਧੀ ਵ੍ਹਾਈਟ ਹਾਊਸ ਦੇ ਬੁਲਾਰੇ ਜੇਨ ਸਾਈਕੀ ਨੇ ਕਿਹਾ ਕਿ ਅਸੀਂ ਪਿਛਲੇ ਕੁਝ ਦਿਨਾਂ ਕੁਝ ਮਹੱਤਵਪੂਰਨ ਕਦਮ ਚੁੱਕੇ ਹਨ ਤਾਂ ਜੋ ਭਾਰਤ ਦੀਆਂ ਤਤਕਾਲ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਸਮੇਤ ਹਰ ਪੱਧਰ ‘ਤੇ ਉਨ੍ਹਾਂ ਨਾਲ ਸੰਪਰਕ ਵਿੱਚ ਰਹਿਣ । ਮੈਂ ਯਕੀਨ ਦਿਵਾ ਸਕਦੀ ਹਾਂ ਕਿ ਅਸੀਂ ਉਨ੍ਹਾਂ ਦੀ ਮਦਦ ਲਈ ਵਚਨਬੱਧ ਹਾਂ।”
ਦੱਸ ਦੇਈਏ ਕਿ ਅਮਰੀਕਾ ਨੇ ਐਤਵਾਰ ਦੇਰ ਰਾਤ ਭਾਰਤ ਨੂੰ ਟੀਕੇ ਲਈ ਉਤਪਾਦਨ ਸਮੱਗਰੀ ਦੇਣ ਦਾ ਐਲਾਨ ਕੀਤਾ ਸੀ । ਰਾਸ਼ਟਰਪਤੀ ਜੋ ਬਾਇਡੇਨ ਨੇ ਕਿਹਾ ਕਿ ਉਹ ਤੁਰੰਤ ਕੋਵੀਸ਼ਿਲਡ ਕੋਰੋਨਾ ਵਾਇਰਸ ਟੀਕੇ ਦੇ ਉਤਪਾਦਨ ਨੂੰ ਵਧਾਉਣ ਲਈ ਲੋੜੀਂਦੇ ਕੱਚੇ ਪਦਾਰਥ ਦਾ ਸਰੋਤ ਮੁਹੱਈਆ ਕਰਵਾਉਣਗੇ ।