President Biden tells potential migrants: ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਮੰਗਲਵਾਰ ਨੂੰ ਅਮਰੀਕਾ ਆਉਣ ਵਾਲੇ ਪ੍ਰਵਾਸੀਆਂ ਨੂੰ ਕਿਹਾ ਕਿ ਅਮਰੀਕਾ ਨਾ ਆਉਣ । ਦਰਅਸਲ, ਮੈਕਸੀਕੋ ਨਾਲ ਲੱਗਣ ਵਾਲੇ ਅਮਰੀਕਾ ਦੀ ਦੱਖਣੀ ਸਰਹੱਦ ‘ਤੇ ਅਚਾਨਕ ਪ੍ਰਵਾਸੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਵਿੱਚ ਹਜ਼ਾਰਾਂ ਅਜਿਹੇ ਬੱਚੇ ਵੀ ਹਨ, ਜਿਨ੍ਹਾਂ ਦੇ ਨਾਲ ਕੋਈ ਨਹੀਂ ਹੈ। ਬਾਇਡੇਨ ਨੇ ਇੱਕ ਇੰਟਰਵਿਊ ਵਿੱਚ ਪ੍ਰਵਾਸੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ “ਹਾਂ, ਮੈਂ ਸਪੱਸ਼ਟ ਤੌਰ ‘ਤੇ ਕਹਿ ਸਕਦਾ ਹਾਂ ਕਿ ਇੱਥੇ ਨਾ ਆਓ, ਆਪਣਾ ਘਰ, ਸ਼ਹਿਰ ਅਤੇ ਆਪਣੀ ਕਮਿਊਨਿਟੀ ਨੂੰ ਨਾ ਛੱਡੋ।”
ਬਾਇਡੇਨ ਪ੍ਰਸ਼ਾਸਨ ਦੇ ਤਹਿਤ ਆਉਣ ਵਾਲੀ ਹੋਮਲੈਂਡ ਸਿਕਿਓਰਿਟੀ ਦੇ ਮੁਖੀ ਨੇ ਕੁਝ ਘੰਟੇ ਪਹਿਲਾਂ ਹੀ ਸਰਕਾਰ ਦੀ ਇਮੀਗ੍ਰੇਸ਼ਨ ਨੀਤੀਆਂ ਦਾ ਬਚਾਅ ਕੀਤਾ ਸੀ। ਬਾਇਡੇਨ ਨੇ ਉਨ੍ਹਾਂ ਦਾਅਵਿਆਂ ਨੂੰ ਵੀ ਖਾਰਿਜ ਕਰ ਦਿੱਤਾ ਕਿ ਜਦੋਂ ਉਨ੍ਹਾਂ ਨੇ ਆਉਂਦਿਆਂ ਹੀ ਇਮੀਗ੍ਰੇਸ਼ਨ ‘ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਨੂੰ ਰੱਦ ਕਰਨ ਦਾ ਰੁਝਾਨ ਦਿਖਾਇਆ ਸੀ, ਅਜਿਹੇ ਵਿੱਚ ਬਾਰਡਰ ‘ਤੇ ਪ੍ਰਵਾਸੀਆਂ ਦੀ ਭੀੜ ਵੱਧ ਰਹੀ ਹੈ। ਇਸ ਨੂੰ ਖਾਰਿਜ ਕਰਦਿਆਂ ਉਨ੍ਹਾਂ ਕਿਹਾ ਕਿ ਸੰਖਿਆ 2019, 2020 ਅਤੇ ਇਸ ਤੋਂ ਪਹਿਲਾਂ ਵੀ ਵਧ ਗਈ ਸੀ।
ਦੱਸ ਦੇਈਏ ਕਿ 20 ਜਨਵਰੀ ਨੂੰ ਅਹੁਦਾ ਸੰਭਾਲਣ ਦੇ ਪਹਿਲੇ ਹੀ ਦਿਨ ਜੋ ਬਾਇਡੇਨ ਨੇ ਡੋਨਾਲਡ ਟਰੰਪ ਦੀਆਂ ਕਈ ਵਿਵਾਦਪੂਰਨ ਇਮੀਗ੍ਰੇਸ਼ਨ ਨੀਤੀਆਂ ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਨੇ ਮੈਕਸੀਕੋ ਦੀ ਸਰਹੱਦ ‘ਤੇ ਬਣ ਰਹੀ ਕੰਧ ਦੇ ਨਿਰਮਾਣ ਅਤੇ ਅਮਰੀਕਾ ਵਿੱਚ ਨਾਜਾਇਜ਼ ਢੰਗ ਨਾਲ ਰਹਿ ਰਹੇ 11 ਮਿਲੀਅਨ ਲੋਕਾਂ ਲਈ ਨਾਗਰਿਕਤਾ ਦੇ ਰਾਹ ਨੂੰ ਬਣਾਉਣ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ।