President Joe Biden slips: ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਰਾਸ਼ਟਰਪਤੀ ਬਾਇਡੇਨ ਜਹਾਜ਼ ਦੀਆਂ ਪੌੜੀਆਂ ਚੜ੍ਹਦਿਆਂ ਤਿੰਨ ਵਾਰ ਲੜਖੜਾਉਂਦੇ ਹੋਏ ਦਿਖਾਈ ਦਿੱਤੇ। ਹਾਲਾਂਕਿ, ਉਨ੍ਹਾਂ ਨੇ ਖੁਦ ਨੂੰ ਸੰਭਾਲ ਲਿਆ ਅਤੇ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ । ਬਾਇਡੇਨ ਦੇ ਲੜਖੜਾਉਣ ਦੀ ਇਸ ਘਟਨਾ ‘ਤੇ ਵ੍ਹਾਈਟ ਹਾਊਸ ਨੇ ਹਵਾ ਨੂੰ ਜਿੰਮੇਵਾਰ ਠਹਿਰਾਇਆ ਹੈ।
ਦਰਅਸਲ, ਰਾਸ਼ਟਰਪਤੀ ਜੋ ਬਾਇਡੇਨ ਸ਼ੁੱਕਰਵਾਰ ਨੂੰ ਅਟਲਾਂਟਾ ਦੇ ਦੌਰੇ ‘ਤੇ ਜਾ ਰਹੇ ਸਨ, ਜਿੱਥੇ ਉਨ੍ਹਾਂ ਨੇ ਏਸ਼ੀਆਈ-ਅਮਰੀਕੀ ਭਾਈਚਾਰੇ ਦੇ ਨੇਤਾਵਾਂ ਨਾਲ ਮੁਲਾਕਾਤ ਕਰਨੀ ਸੀ । ਜਦੋਂ ਉਹ ਐਟਲਾਂਟਾ ਜਾਣ ਲਈ ਏਅਰ ਫੋਰਸ ਵਨ ਦੇ ਜਹਾਜ਼ ਦੀਆਂ ਪੌੜੀਆਂ ਚੜ੍ਹ ਰਹੇ ਸੀ ਤਾਂ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪੌੜੀਆਂ’ ‘ਤੇ ਲੜਖੜਾ ਗਏ। ਬਾਇਡੇਨ ਨਾਲ ਇਹ ਘਟਨਾ ਇੱਕ ਨਹੀਂ ਬਲਕਿ ਤਿੰਨ ਵਾਰ ਹੋਈ। ਇਸ ਲਈ ਉਨ੍ਹਾਂ ਦੀ ਸਿਹਤ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਬਾਇਡੇਨ ਤਿੰਨ ਵਾਰ ਹਵਾਈ ਜਹਾਜ਼ ਦੀਆਂ ਪੌੜੀਆਂ ‘ਤੇ ਡਿੱਗੇ। ਡਿੱਗਣ ਤੋਂ ਬਾਅਦ ਉਹ ਦੋ ਵਾਰ ਹੱਥਾਂ ਦੀ ਮਦਦ ਨਾਲ ਉੱਠੇ, ਪਰ ਤੀਜੀ ਵਾਰ ਉਹ ਗੋਡਿਆਂ ਦੇ ਭਾਰ ਡਿੱਗ ਪਏ। ਇਸ ਤੋਂ ਬਾਅਦ ਰਾਸ਼ਟਰਪਤੀ ਪੌੜੀਆਂ ਦੀ ਸਾਈਡ ਰੇਲਿੰਗ ਨੂੰ ਫੜ ਕੇ ਕਿਸੇ ਤਰ੍ਹਾਂ ਉੱਪਰ ਪਹੁੰਚੇ ਅਤੇ ਜਹਾਜ਼ ਵਿੱਚ ਬੈਠ ਕੇ ਰਵਾਨਾ ਹੋ ਗਏ। ਇਸ ਵੀਡੀਓ ਨੂੰ ਹੁਣ ਤੱਕ ਕਈ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਲੋਕ ਰਾਸ਼ਟਰਪਤੀ ਦੀ ਸਿਹਤ ਪ੍ਰਤੀ ਚਿੰਤਾ ਜ਼ਾਹਿਰ ਕਰ ਰਹੇ ਹਨ।
ਦੱਸ ਦੇਈਏ ਕਿ ਰਾਸ਼ਟਰਪਤੀ ਬਿਡੇਨ ਦੀ ਸਿਹਤ ‘ਤੇ ਸਵਾਲ ਖੜੇ ਕੀਤੇ ਜਾਣ ‘ਤੇ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੀਨ ਜੀਨ-ਪਿਅਰੇ ਨੇ ਕਿਹਾ, “ਰਾਸ਼ਟਰਪਤੀ 100 ਪ੍ਰਤੀਸ਼ਤ ਤੰਦਰੁਸਤ ਹਨ।” ਉਨ੍ਹਾਂ ਕਿਹਾ ਕਿ ਪੌੜੀਆਂ ‘ਤੇ ਗਲਤ ਕਦਮ ਪੈਣ ਨਾਲ ਉਨ੍ਹਾਂ ਦਾ ਸੰਤੁਲਨ ਬਿਗੜ ਗਿਆ। ਉਹ ਪੂਰੀ ਤਰ੍ਹਾਂ ਤੰਦਰੁਸਤ ਹਨ। ਉਨ੍ਹਾਂ ਕਿਹਾ ਕਿ ਪੌੜੀਆਂ ਚੜ੍ਹਦਿਆਂ ਹਵਾ ਦਾ ਪ੍ਰਵਾਹ ਬਹੁਤ ਤੇਜ਼ ਸੀ। ਸ਼ਾਇਦ ਇਸੇ ਲਈ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ।