Senate confirms Indian physician Vivek Murthy: ਅਮਰੀਕਾ ਵਿੱਚ ਭਾਰਤੀ ਮੂਲ ਦੇ ਡਾਕਟਰ ਵਿਵੇਕ ਮੂਰਤੀ ਨੂੰ ਰਾਸ਼ਟਰਪਤੀ ਜੋਅ ਬਾਇਡੇਨ ਦਾ ਸਰਜਨ ਜਨਰਲ ਨਿਯੁਕਤ ਕੀਤਾ ਗਿਆ ਹੈ ।ਅਮਰੀਕੀ ਸੀਨੇਟ ਨੇ ਇਸ ਦੇ ਪੱਖ ਵਿੱਚ 57-43 ਨਾਲ ਵੋਟ ਦੇ ਕੇ ਇਸ ‘ਤੇ ਮੁਹਰ ਲਗਾਈ । ਵਿਵੇਕ ਮੂਰਤੀ ਨੇ ਕਿਹਾ ਕਿ ਸਾਡੇ ਦੇਸ਼ ਨੂੰ ਸਿਹਤਮੰਦ ਬਣਾਉਣ ਅਤੇ ਸਾਡੇ ਬੱਚਿਆਂ ਲਈ ਬਿਹਤਰ ਭਵਿੱਖ ਬਣਾਉਣ ਵਿੱਚ ਮਦਦ ਕਰਨ ਲਈ ਮੈਂ ਤੁਹਾਡੇ ਨਾਲ ਕੰਮ ਕਰਨ ਲਈ ਤਿਆਰ ਹਾਂ।
ਦਰਅਸਲ, ਰਾਸ਼ਟਰਪਤੀ ਜੋਅ ਬਾਇਡੇਨ ਨੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜੇਵੀਅਰ ਬੇਸੇਰਾ ਨੂੰ ਸਿਹਤ ਮੰਤਰੀ ਅਤੇ ਭਾਰਤੀ-ਅਮਰੀਕੀ ਡਾ. ਵਿਵੇਕ ਮੂਰਤੀ ਨੂੰ ਆਪਣੇ ਸਰਜਨ ਦੇ ਤੌਰ ‘ਤੇ ਚੁਣਿਆ ਸੀ। ਇਸ ਦੇ ਇਲਾਵਾ ਡਾ. ਐਨਥਨੀ ਫਾਊਚੀ ਨੂੰ ਕੋਵਿਡ-19 ‘ਤੇ ਰਾਸ਼ਟਰਪਤੀ ਦੇ ਮੁੱਖ ਮੈਡੀਕਲ ਸਲਾਹਕਾਰ ਦੇ ਰੂਪ ਵਿੱਚ ਨਾਮਜ਼ਦ ਕੀਤਾ ਗਿਆ ਸੀ, ਜਦਕਿ ਡਾ. ਰੋਸ਼ੇਲ ਵਾਲੇਂਸਕੀ ਨੂੰ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਨਿਰਦੇਸ਼ਕ ਅਤੇ ਡਾ. ਮਾਰਸੇਲਾ ਨੁੰਜ-ਸਮਿਥ ਨੂੰ ਕੋਵਿਡ-19 ਇਕਵਟੀ ਟਾਸਕ ਫੋਰਸ ਦਾ ਪ੍ਰਧਾਨ ਨਾਮਜ਼ਦ ਕੀਤਾ ਗਿਆ।
ਦੱਸ ਦੇਈਏ ਕਿ ਮੂਲ ਰੂਪ ਨਾਲ ਕਰਨਾਟਕ ਤੋਂ ਸਬੰਧ ਰੱਖਣ ਵਾਲੇ ਮੂਰਤੀ (43) ਨੂੰ 2014 ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕਾ ਦਾ 19ਵਾਂ ਸਰਜਨ ਜਨਰਲ ਨਿਯੁਕਤ ਕੀਤਾ ਗਿਆ ਸੀ। ਬ੍ਰਿਟੇਨ ਵਿੱਚ ਪੈਦਾ ਹੋਏ ਮੂਰਤੀ 37 ਸਾਲ ਦੀ ਉਮਰ ਵਿੱਚ ਉਸ ਅਹੁਦੇ ‘ਤੇ ਨਿਯੁਕਤ ਹੋਣ ਵਾਲੇ ਸਭ ਤੋਂ ਨੌਜਵਾਨ ਵਿਅਕਤੀ ਸਨ । ਬਾਅਦ ਵਿੱਚ ਟਰੰਪ ਪ੍ਰਸ਼ਾਸਨ ਦੌਰਾਨ ਉਨ੍ਹਾਂ ਨੂੰ ਉਸ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।