Trump says Kamala Harris: ਅਮਰੀਕੀ ਰਾਸ਼ਟਰਪਤੀ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ, ਇਲਜ਼ਾਮਾਂ ਦਾ ਪੜਾਅ ਤੇਜ਼ ਹੋ ਗਿਆ ਹੈ। ਇਸ ਕੜੀ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੈਮੋਕਰੇਟਿਕ ਪਾਰਟੀ ਦੀ ਉਪ-ਰਾਸ਼ਟਰਪਤੀ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਨਿਸ਼ਾਨਾ ਬਣਾਇਆ ਹੈ। ਟਰੰਪ ਨੇ ਕਿਹਾ ਕਿ ਹੈਰਿਸ ਕੋਲ ਚੋਟੀ ਦੇ ਅਹੁਦੇ ‘ਤੇ ਕਾਬਜ਼ ਹੋਣ ਦੀ ਯੋਗਤਾ ਨਹੀਂ ਹੈ। ਸਿਰਫ ਇਹ ਹੀ ਨਹੀਂ, ਉਨ੍ਹਾਂ ਨੇ ਆਪਣੀ ਬੇਟੀ ਇਵਾਂਕਾ ਟਰੰਪ ਨੂੰ ਉਨ੍ਹਾਂ ਨਾਲੋਂ ਵਧੀਆ ਦੱਸਿਆ।
ਇੱਕ ਰਿਪੋਰਟ ਅਨੁਸਾਰ ਟਰੰਪ ਨੇ ਸ਼ੁੱਕਰਵਾਰ ਨੂੰ ਨਿਊਹੈਂਪਸ਼ਾਇਰ ਵਿੱਚ ਰਿਪਬਲੀਕਨ ਪਾਰਟੀ ਦੀ ਪ੍ਰਚਾਰ ਰੈਲੀ ਨੂੰ ਸੰਬੋਧਿਤ ਕੀਤਾ। ਟਰੰਪ ਨੇ ਕਿਹਾ ਕਿ ਉਹ ਅਮਰੀਕਾ ਵਿੱਚ ਇੱਕ ਔਰਤ ਨੂੰ ਹੀ ਚੋਟੀ ਦੇ ਅਹੁਦੇ ’ਤੇ ਵੇਖਣ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਅਤੇ ਵ੍ਹਾਈਟ ਹਾਊਸ ਦੀ ਸਲਾਹਕਾਰ ਇਵਾਂਕਾ ਟਰੰਪ ਅਜਿਹੇ ਅਹੁਦੇ ਲਈ ਯੋਗ ਉਮੀਦਵਾਰ ਹੋ ਸਕਦੀ ਹੈ ।
ਦਰਅਸਲ, ਕਮਲਾ ਹੈਰਿਸ ਪਿਛਲੇ ਸਾਲ ਤੱਕ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦਾ ਦਾਅਵਾ ਕਰ ਰਹੀ ਸੀ। ਡੈਮੋਕਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੇ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੁਣਿਆ ਹੈ। ਹੈਰਿਸ ਦੇ ਪਿਤਾ ਜਮੈਕਾ ਤੋਂ ਅਤੇ ਉਸ ਦੀ ਮਾਂ ਭਾਰਤ ਦੀ ਸੀ । ਟਰੰਪ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਮੈਂ ਵੀ ਇੱਕ ਔਰਤ ਨੂੰ ਸਿਖਰਲੇ ਅਹੁਦੇ ‘ਤੇ ਦੇਖਣਾ ਚਾਹੁੰਦਾ ਹਾਂ, ਪਰ ਮੈਂ ਨਹੀਂ ਚਾਹੁੰਦਾ ਕਿ ਕੋਈ ਔਰਤ ਇਸ ਤਰੀਕੇ ਨਾਲ ਇਸ ਅਹੁਦੇ ‘ਤੇ ਆਵੇ ਅਤੇ ਉਹ ਯੋਗ ਵੀ ਨਹੀਂ ਹੈ। ਜਿਵੇਂ ਹੀ ਟਰੰਪ ਨੇ ਇਹ ਕਿਹਾ ਲੋਕਾਂ ਨੇ ਤਾੜੀਆਂ ਮਾਰਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁਝ ਇਵਾਂਕਾ ਟਰੰਪ ਦੇ ਨਾਂ ਦਾ ਰੌਲਾ ਪਾਉਣ ਲੱਗ ਗਏ। ਇਸ ‘ਤੇ ਰਾਸ਼ਟਰਪਤੀ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਹ ਇਹ ਵੀ ਕਹਿ ਰਹੇ ਹਨ ਕਿ ਅਸੀਂ ਇਵਾਂਕਾ ਚਾਹੁੰਦੇ ਹਾਂ। ਮੈਂ ਤੁਹਾਡੀ ਆਲੋਚਨਾ ਨਹੀਂ ਕਰ ਰਿਹਾ।
ਦੱਸ ਦੇਈਏ ਕਿ ਵੀਰਵਾਰ ਨੂੰ ਰਾਸ਼ਟਰਪਤੀ ਦੀ ਚੋਣ ਲਈ ਰਿਪਬਲੀਕਨ ਪਾਰਟੀ ਦੇ ਨਾਮਜ਼ਦਗੀ ਨੂੰ ਰਸਮੀ ਤੌਰ ‘ਤੇ ਸਵੀਕਾਰ ਕਰਨ ਤੋਂ ਬਾਅਦ ਟਰੰਪ ਦੀ ਇਹ ਪਹਿਲੀ ਚੋਣ ਰੈਲੀ ਸੀ। ਟਰੰਪ ਨੇ ਆਪਣੇ ਭਾਸ਼ਣ ਵਿੱਚ ਬਿਡੇਨ ਦੀ ਆਲੋਚਨਾ ਵੀ ਕੀਤੀ।