Twitter CEO Jack Dorsey donates: ਭਾਰਤ ਵਿੱਚ ਕੋਰੋਨਾ ਵਾਇਰਸ ਦਾ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਜਿਸਦੇ ਮੱਦੇਨਜ਼ਰ ਬਹੁਤ ਸਾਰੇ ਦੇਸ਼ਾਂ ਵੱਲੋਂ ਮਦਦ ਭੇਜੀ ਜਾ ਰਹੀ ਹੈ। ਇਸੇ ਵਿਚਾਲੇ ਹੁਣ ਮਾਈਕ੍ਰੋ ਬਲੌਗਿੰਗ ਸਾਈਟ Twitter ਨੇ ਵੀ ਕੋਰੋਨਾ ਸੰਕਟ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਨੂੰ 1.5 ਕਰੋੜ ਡਾਲਰ ਦਾਨ ਕੀਤੇ ਹਨ ।
ਇਸ ਸਬੰਧੀ Twitter ਦੇ CEO ਜੈਕ ਪੈਟਰਿਕ ਡੋਰਸੀ ਨੇ ਸੋਮਵਾਰ ਨੂੰ ਟਵੀਟ ਕਰ ਕਿਹਾ ਕਿ ਇਹ ਰਾਸ਼ੀ ਤਿੰਨ ਗੈਰ-ਸਰਕਾਰੀ ਸੰਗਠਨਾਂ- ਕੇਅਰ, ਐਡ ਇੰਡੀਆ ਅਤੇ ਸੇਵਾ ਇੰਟਰਨੈਸ਼ਨਲ ਯੂਐਸਏ ਨੂੰ ਦਾਨ ਕੀਤੀ ਗਈ ਹੈ । ਕੇਅਰ ਨੂੰ 1 ਕਰੋੜ ਡਾਲਰ, ਜਦਕਿ ਐਡ ਇੰਡੀਆ ਅਤੇ ਸੇਵਾ ਇੰਟਰਨੈਸ਼ਨਲ ਯੂਐਸਏ ਨੂੰ 25-25 ਲੱਖ ਡਾਲਰ ਦਿੱਤੇ ਗਏ ਹਨ।
ਇਸ ਬਾਰੇ ਸੈਨ ਫ੍ਰਾਂਸਿਸਕੋ ਸਥਿਤ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ,”ਸੇਵਾ ਇੰਟਰਨੈਸ਼ਨਲ ਇੱਕ ਗੈਰ-ਮੁਨਾਫ਼ਾ ਸੇਵਾ ਸੰਗਠਨ ਹੈ। ਇਹ ਦਾਨ ਰਾਸ਼ੀ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਦਿੱਤੀ ਜਾ ਰਹੀ ਹੈ। ਇਸਦੀ ਵਰਤੋਂ ਇਸ ਨੂੰ ਵੈਂਟੀਲੇਟਰਾਂ, ਬੈੱਡਾਂ ਅਤੇ ਹੋਰ ਜਾਨ ਬਚਾਉਣ ਵਾਲੇ ਯੰਤਰਾਂ ਨੂੰ ਖਰੀਦਣ ਲਈ ਕੀਤੀ ਜਾਵੇਗੀ।” ਇਸ ਤੋਂ ਇਲਾਵਾ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਯੰਤਰ ਸਰਕਾਰੀ ਹਸਪਤਾਲਾਂ, ਕੋਵਿਡ -19 ਕੇਅਰ ਸੈਂਟਰਾਂ ਅਤੇ ਹੋਰ ਹਸਪਤਾਲਾਂ ਵਿੱਚ ਵੰਡੇ ਜਾਣਗੇ।
ਦੱਸ ਦੇਈਏ ਕਿ ਸੇਵਾ ਇੰਟਰਨੈਸ਼ਨਲ ਦੇ ਮੀਤ ਪ੍ਰਧਾਨ ਸੰਦੀਪ ਖੜਕੇਕਰ ਨੇ ਟਵਿੱਟਰ ਦੇ ਸੀਈਓ ਡੋਰਸੀ ਦਾ ਧੰਨਵਾਦ ਕਰਦਿਆਂ ਕਿਹਾ, “ਇਹ ਸੇਵਾ ਦਾ ਕੰਮ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਤੁਸੀਂ ਅੱਗੇ ਆ ਕੇ ਸਾਡੀ ਹਾਇਤਾ ਕੀਤੀ। ਅਸੀਂ ਤੁਹਾਡੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਅਤੇ ਕੋਰੋਨਾ ਲਾਗ ਵਾਲੇ ਮਰੀਜ਼ਾਂ ਦੀ ਵਧੀਆ ਢੰਗ ਨਾਲ ਦੇਖਭਾਲ ਕਰਾਂਗੇ।”