UAE buildings light up: ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੰਗ ਲੜ ਰਹੇ ਭਾਰਤ ਦੇ ਨਾਲ ਹੁਣ ਸੰਯੁਕਤ ਅਰਬ ਅਮੀਰਾਤ (UAE) ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਕੋਰੋਨਾ ਦੇ ਇਸ ਮੁਸ਼ਕਿਲ ਸਮੇਂ ਵਿੱਚ ਭਾਰਤ ਦੀ ਹਮਾਇਤ ਵਿੱਚ UAE ਨੇ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੂੰ ‘ਤਿਰੰਗੇ’ ਦੇ ਰੰਗਾਂ ਨਾਲ ਸਜਾਇਆ। ਦਰਅਸਲ, ਭਾਰਤ ਵਿੱਚ ਕੋਰੋਨਾ ਨਾਲ ਸਥਿਤੀ ਬਹੁਤ ਚਿੰਤਾਜਨਕ ਹੈ। ਅਜਿਹੀ ਸਥਿਤੀ ਵਿੱਚ ਸਾਊਦੀ ਅਰਬ, ਬ੍ਰਿਟੇਨ ਅਤੇ ਅਮਰੀਕਾ ਸਮੇਤ ਕਈ ਦੇਸ਼ ਭਾਰਤ ਦੇ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ । ਇਸ ਦੌਰਾਨ UAE ਨੇ ਭਾਰਤ ਪ੍ਰਤੀ ਆਪਣਾ ਸਮਰਥਨ ਅਤੇ ਪਿਆਰ ਜ਼ਾਹਿਰ ਕਰਨ ਲਈ ਬੁਰਜ ਖਲੀਫਾ ਨੂੰ ਤਿਰੰਗੇ ਦੇ ਰੰਗ ਵਿੱਚ ਰੰਗ ਦਿੱਤਾ । ਇਸ ਸਭ ਤੋਂ ਉੱਚੀ ਇਮਾਰਤ ਤੋਂ #StayStrongIndia ਦਾ ਸੰਦੇਸ਼ ਦਿੱਤਾ ਗਿਆ ਹੈ।
ਦਰਅਸਲ, ਐਤਵਾਰ ਦੇਰ ਰਾਤ UAE ਵਿੱਚ ਭਾਰਤੀ ਦੂਤਾਵਾਸ ਵੱਲੋਂ ਇੱਕ ਵੀਡੀਓ ਜਾਰੀ ਕੀਤਾ ਗਿਆ । ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਗਿਆ ਕਿ ‘ਭਾਰਤ ਕੋਰੋਨਾ ਖ਼ਿਲਾਫ਼ ਜ਼ਬਰਦਸਤ ਲੜਾਈ ਲੜ ਰਿਹਾ ਹੈ, ਅਜਿਹੀ ਸਥਿਤੀ ਵਿੱਚ ਉਸ ਦਾ ਦੋਸਤ UAE ਆਪਣੀਆਂ ਸ਼ੁੱਭਕਾਮਨਾਵਾਂ ਭੇਜਦਾ ਹੈ ਕਿ ਸਭ ਕੁਝ ਜਲਦੀ ਠੀਕ ਹੋ ਜਾਵੇ।’ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਬੁਰਜ ਖਲੀਫਾ ਦੀ ਇਮਾਰਤ ਤਿਰੰਗੇ ਦੀਆਂ ਲਾਈਟਾਂ ਨਾਲ ਜਗਮਗਾ ਰਹੀ ਹੈ । ਇਮਾਰਤ ‘ਤੇ ਤਿਰੰਗੇ ਤੋਂ ਇਲਾਵਾ #StayStrongIndia ਦਿਖਾਈ ਦੇ ਰਿਹਾ ਹੈ।
ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾ ਦੇ ਹਰ ਬੀਤਦੇ ਦਿਨ ਨਾਲ ਕੋਰੋਨਾ ਦੀ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ। ਇਸ ਲੜਾਈ ਵਿੱਚ ਵੈਕਸੀਨ ਨੂੰ ਇੱਕ ਵੱਡਾ ਹਥਿਆਰ ਮੰਨਿਆ ਜਾ ਰਿਹਾ ਹੈ, ਪਰ ਅਮਰੀਕਾ ਤੋਂ ਟੀਕਾ ਬਣਾਉਣ ਲਈ ਲੋੜੀਂਦੇ ਕੱਚੇ ਮਾਲ ਦੇ ਨਿਰਯਾਤ ‘ਤੇ ਪਾਬੰਦੀ ਲਗਾਈ ਗਈ ਸੀ, ਪਰ ਹੁਣ ਉਸੇ ਫੈਸਲੇ ‘ਤੇ ਨਰਮਾਈ ਕਰਦਿਆਂ ਅਮਰੀਕਾ ਨੇ ਭਾਰਤ ਨੂੰ ਵੱਡੀ ਰਾਹਤ ਦਿੱਤੀ ਹੈ।