UK PM Boris Johnson takes first jab: ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਨੇ ਸ਼ੁੱਕਰਵਾਰ ਨੂੰ ਕੋਵਿਡ-19 ਵੈਕਸੀਨ Astrazeneca ਦਾ ਪਹਿਲਾ ਟੀਕਾ ਲਗਾਉਣ ਦੇ ਨਾਲ ਹੀ ਇਸ ਵੈਕਸੀਨ ਨੂੰ ਲੈ ਕੇ ਚੁੱਕੇ ਜਾ ਰਹੇ ਸਵਾਲਾਂ ਨੂੰ ਵੀ ਖਾਰਿਜ ਕੀਤਾ ਹੈ । ਉਨ੍ਹਾਂ ਨੇ ਸਾਰੇ ਲੋਕਾਂ ਨੂੰ ਇਸ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ, “ਵੈਕਸੀਨ ਲਗਾਉਣ ਨਾਲ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਈ।”
ਦਰਅਸਲ, ਲੰਡਨ ਦੇ ਸੇਂਟ ਥਾਮਸ ਹਸਪਤਾਲ ਵਿੱਚ ਵੈਕਸੀਨ ਲਗਵਾਉਣ ਤੋਂ ਬਾਅਦ ਜਾਨਸਨ ਨੇ ਕਿਹਾ, “ਵੈਕਸੀਨ ਲਗਾ ਕੇ ਮੈਨੂੰ ਚੰਗਾ ਮਹਿਸੂਸ ਹੋ ਰਿਹਾ ਹੈ । ਇਹ ਬਹੁਤ ਜਲਦੀ ਹੋ ਗਿਆ ਅਤੇ ਮੈਨੂੰ ਕੋਈ ਸਮੱਸਿਆ ਨਹੀਂ ਹੋਈ।” ਉਨ੍ਹਾਂ ਕਿਹਾ, “ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ, ਜਦੋਂ ਵੀ ਤੁਹਾਨੂੰ ਵੈਕਸੀਨ ਲਗਵਾਉਣ ਬਾਰੇ ਨਿਰਦੇਸ਼ ਮਿਲੇ, ਤੁਸੀ ਜਰੂਰ ਜਾਓ। ਇਹ ਤੁਹਾਡੇ ਨਾਲ-ਨਾਲ ਤੁਹਾਡੇ ਪਰਿਵਾਰ ਅਤੇ ਤੁਹਾਡੇ ਆਸ-ਪਾਸ ਦੇ ਹਰੇਕ ਲਈ ਬਿਹਤਰ ਹੋਵੇਗਾ।”
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਟਵੀਟ ਕਰਦਿਆਂ ਕਿਹਾ, “ਮੈਂ ਹਾਲੇ ਹੀ ਆਕਸਫੋਰਡ ਐਸਟਰਾਜ਼ੇਨੇਕਾ ਦਾ ਆਪਣਾ ਪਹਿਲਾ ਟੀਕਾ ਲਗਵਾਇਆ ਹੈ। ਇਸ ਮੌਕੇ ਮੈਂ ਇਸ ਕੰਮ ਵਿੱਚ ਲੱਗੇ ਸਾਰੇ ਅਸਾਧਾਰਣ ਵਿਗਿਆਨੀਆਂ, NHS ਸਟਾਫ ਅਤੇ ਵਲੰਟੀਅਰਾਂ ਦਾ ਧੰਨਵਾਦ ਕਰਦਾ ਹਾਂ । ਸਾਡੀ ਜ਼ਿੰਦਗੀ ਨੂੰ ਮੁੜ ਲੀਹ ‘ਤੇ ਲਿਆਉਣ ਲਈ ਵੈਕਸੀਨ ਸਭ ਤੋਂ ਵਧੀਆ ਵਿਕਲਪ ਹੈ।” ਦੱਸ ਦੇਈਏ ਕਿ ਕੋਵਿਡ-19 ਵਿਰੁੱਧ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ ।
ਗੌਰਤਲਬ ਹੈ ਕਿ ਫਰਾਂਸ, ਸਪੇਨ, ਇਟਲੀ ਅਤੇ ਜਰਮਨੀ ਨੇ ਐਸਟਰਾਜ਼ੇਨੇਕਾ ਵੈਕਸੀਨ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਸੀ। ਇਨ੍ਹਾਂ ਦੇਸ਼ਾਂ ਨੇ ਕਹਿਣਾ ਸੀ ਕਿ ਵੈਕਸੀਨ ਦੀ ਵਰਤੋਂ ਨਾਲ ਖੂਨ ਦੇ ਥੱਕਿਆਂ ਦੀ ਸ਼ਿਕਾਇਤ ਕਰ ਰਹੇ ਹਨ। WHO ਅਤੇ ਯੂਰਪੀਅਨ ਯੂਨੀਅਨ ਦੀ ਡਰੱਗ ਰੈਗੂਲੇਟਰੀ ਏਜੰਸੀ ਨੇ ਵੈਕਸੀਨ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਦੱਸਦਿਆਂ ਕਿਹਾ ਸੀ, “ਸਾਡੀ ਵਿਗਿਆਨਕ ਰਾਏ ਇਹ ਹੈ ਕਿ ਐਸਟਰਾਜ਼ੇਨੇਕਾ ਵੈਕਸੀਨ ਲੋਕਾਂ ਨੂੰ ਕੋਵਿਡ-19 ਤੋਂ ਬਚਾਉਣ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ ।