ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਵਿਚਾਲੇ ਵਿਚਕਾਰ ਬ੍ਰਿਟੇਨ ਨੇ ਆਪਣਾ ਟੀਕਾਕਰਨ ਪ੍ਰੋਗਰਾਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੱਗਣ ਵਾਲੀਆਂ ਵੈਕਸੀਨ ਦੀਆਂ ਦੋ ਖੁਰਾਕਾਂ ਵਿਚਲੇ ਦੇ ਅੰਤਰ ਨੂੰ 12 ਹਫ਼ਤਿਆਂ ਤੋਂ ਘਟਾ ਕੇ 8 ਹਫ਼ਤੇ ਕਰਨ ਦਾ ਐਲਾਨ ਕੀਤਾ ਹੈ, ਤਾਂ ਜੋ ਹਰ ਇੱਕ ਨੂੰ ਜਲਦ ਤੋਂ ਜਲਦ ਵੈਕਸੀਨ ਲਗਾਈ ਜਾ ਸਕੇ।
ਦਰਅਸਲ, ਸੋਮਵਾਰ ਨੂੰ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਜਾਨਸਨ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਦੇ ਲੱਖਾਂ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਸਾਨੂੰ ਚਾਰ ਹਫ਼ਤਿਆਂ ਤੋਂ ਵੱਧ ਦੀ ਜ਼ਰੂਰਤ ਨਹੀਂ ਪਵੇਗੀ । ਅਸੀਂ ਟੀਕਾਕਰਨ ਨੂੰ ਤੇਜ਼ ਕਰ ਕੇ ਹਜ਼ਾਰਾਂ ਲੋਕਾਂ ਦੀ ਜਾਨ ਬਚਾ ਸਕਦੇ ਹਾਂ । ਉਨ੍ਹਾਂ ਕਿਹਾ ਕਿ ਹੁਣ ਅਸੀਂ 40 ਸਾਲ ਦੀ ਉਮਰ ਤੋਂ ਵੱਧ ਦੇ ਲੋਕਾਂ ਨੂੰ ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਦੇਣ ਵਿੱਚ ਤੇਜ਼ੀ ਲਿਆਵਾਂਗੇ ਤਾਂ ਜੋ ਉਨ੍ਹਾਂ ਨੂੰ ਵਾਇਰਸ ਤੋਂ ਵੱਧ ਤੋਂ ਵੱਧ ਸੁਰੱਖਿਆ ਮਿਲ ਸਕੇ।
ਇਹ ਵੀ ਪੜ੍ਹੋ: ਫ਼ੌਜ ਦੀ ਸਿਖਲਾਈ ਦੌਰਾਨ ਹੋਏ ਮਾਈਨਿੰਗ ਧਮਾਕੇ ’ਚ ਜ਼ਖਮੀ ਫੌਜੀ ਜਵਾਨ ਜਗਰਾਜ ਸਿੰਘ ਹੋਇਆ ਸ਼ਹੀਦ
ਉੱਥੇ ਹੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਲਾਕਡਾਊਨ ਸਬੰਧੀ ਪਾਬੰਦੀਆਂ ਨੂੰ ਖ਼ਤਮ ਕਰਨ ਦੀ ਮਿਆਦ ਨੂੰ ਚਾਰ ਹੋਰ ਹਫ਼ਤਿਆਂ ਤੱਕ ਮੁਲਤਵੀ ਕਰਦਿਆਂ ਇਸ ਨੂੰ 19 ਜੁਲਾਈ ਤੱਕ ਵਧਾ ਦਿੱਤਾ। ਇਸ ਤੋਂ ਪਹਿਲਾਂ ਇਹ ਪਾਬੰਦੀਆਂ 21 ਜੂਨ ਨੂੰ ਖਤਮ ਹੋਣ ਜਾ ਰਹੀਆਂ ਸਨ। ਜਾਨਸਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਮੱਦੇਨਜ਼ਰ ਸੰਕ੍ਰਮਣ ਦੇ ਮਾਮਲਿਆਂ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੇ ਕੇਸਾਂ ਦੀ ਗਿਣਤੀ ਵਿੱਚ ਵਾਧੇ ਬਾਰੇ ਚਿੰਤਾ ਬਰਕਰਾਰ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੇ ਇਸ ਐਲਾਨ ਦੇ ਨਾਲ ਹੀ ਹੁਣ ‘ਫ੍ਰੀਡਮ ਡੇਅ’ 19 ਜੁਲਾਈ ਨੂੰ ਮਨਾਉਣ ਦਾ ਐਲਾਨ ਕੀਤਾ ਹੈ, ਜੋ ਕਿ ਲਾਕਡਾਊਨ ਖਤਮ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਾਣਾ ਹੈ । ਜਾਨਸਨ ਨੇ ਕਿਹਾ ਕਿ ਹਾਲੇ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਬਿਹਤਰ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਉਮੀਦ ਜਤਾਈ ਕਿ 19 ਜੁਲਾਈ ਪਾਬੰਦੀਆਂ ਖ਼ਤਮ ਕਰਨ ਦਾ ਆਖਰੀ ਦਿਨ ਹੋਵੇਗਾ ਅਤੇ ਇਸ ਨੂੰ ਹੋਰ ਅੱਗੇ ਵਧਾਉਣ ਦੀ ਜ਼ਰੂਰਤ ਨਹੀਂ ਪਵੇਗੀ ।