ਰੂਸ ਅਤੇ ਯੂਕਰੇਨ ਵਿਚਾਲੇ ਜੰਗ ਰੁਕੇਗੀ ਜਾਂ ਨਹੀਂ, ਇਸ ‘ਤੇ ਅੱਜ ਦੁਪਹਿਰ ਤੱਕ ਫੈਸਲਾ ਹੋ ਸਕਦਾ ਹੈ। ਦਰਅਸਲ, ਅੱਜ ਬੇਲਾਰੂਸ ਵਿੱਚ ਰੂਸ-ਯੂਕਰੇਨ ਵਿਚਾਲੇ ਗੱਲਬਾਤ ਹੋਣੀ ਹੈ। ਭਾਰਤੀ ਸਮੇਂ ਮੁਤਾਬਕ ਇਹ ਮੀਟਿੰਗ ਦੁਪਹਿਰ 3.30 ਵਜੇ ਹੋਵੇਗੀ। ਬੇਲਾਰੂਸ ਦੇ ਵਿਦੇਸ਼ ਮੰਤਰਾਲੇ ਨੇ ਇੱਕ ਫੋਟੋ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਰੂਸ-ਯੂਕਰੇਨ ਦੀ ਬੈਠਕ ਆਯੋਜਿਤ ਕਰਨ ਲਈ ਮੰਚ ਤਿਆਰ ਕਰ ਲਿਆ ਗਿਆ ਹੈ। ਹੁਣ ਸਿਰਫ਼ ਦੋਵਾਂ ਦੇਸ਼ਾਂ ਦੇ ਵਫ਼ਦ ਦੀ ਉਡੀਕ ਹੈ। ਹਾਲਾਂਕਿ, ਯੂਕਰੇਨ ਲਈ ਬੇਲਾਰੂਸ ‘ਤੇ ਭਰੋਸਾ ਕਰਨਾ ਇੰਨਾ ਆਸਾਨ ਨਹੀਂ ਹੈ। ਇਸ ਜੰਗ ਵਿੱਚ ਹੁਣ ਤੱਕ ਬੇਲਾਰੂਸ ਰੂਸ ਦਾ ਸਾਥ ਦਿੰਦਾ ਰਿਹਾ ਹੈ। ਸਵੇਰੇ ਇਹ ਵੀ ਜਾਣਕਾਰੀ ਮਿਲੀ ਸੀ ਕਿ ਬੇਲਾਰੂਸ ਯੂਕਰੇਨ ‘ਤੇ ਹਮਲੇ ਲਈ ਰੂਸ ਦਾ ਸਮਰਥਨ ਕਰ ਸਕਦਾ ਹੈ।
ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਰੂਸ ਨਾਲ ਸ਼ਾਂਤੀ ਵਾਰਤਾ ਕਰਨ ਲਈ ਤਿਆਰ ਹੈ, ਪਰ ਬੇਲਾਰੂਸ ਵਿੱਚ ਨਹੀਂ, ਜੋ ਮਾਸਕੋ ਦੀ ਤਿੰਨ ਦਿਨ ਤੋਂ ਚੱਲ ਰਹੇ ਹਮਲੇ ਲਈ ਜ਼ਮੀਨੀ ਮਦਦ ਕਰ ਰਿਹਾ ਹੈ। ਜ਼ੇਲੇਂਸਕੀ ਨੇ ਐਤਵਾਰ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਗੱਲਬਾਤ ਦੇ ਬਦਲਵੇਂ ਸਥਾਨਾਂ ਵਜੋਂ ਵਾਰਸਾ, ਬ੍ਰਾਤਿਸਲਾਵਾ, ਇਸਤਾਂਬੁਲ, ਬੁਡਾਪੇਸਟ ਜਾਂ ਬਾਕੂ ਦਾ ਨਾਂ ਲਿਆ।
ਇਹ ਵੀ ਪੜ੍ਹੋ: ਕੀਵ ‘ਚ ਹਟਾਇਆ ਗਿਆ ਵੀਕੈਂਡ ਕਰਫਿਊ, ਭਾਰਤੀ ਵਿਦਿਆਰਥੀਆਂ ਨੂੰ ਸਟੇਸ਼ਨ ਜਾਣ ਦੀ ਦਿੱਤੀ ਗਈ ਸਲਾਹ
ਇਸੇ ਵਿਚਾਲੇ ਅਮਰੀਕੀ ਖੁਫੀਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਗੱਲਬਾਤ ਪਟੜੀ ‘ਤੇ ਨਹੀਂ ਜਾਂਦੀ ਤਾਂ ਬੇਲਾਰੂਸ ਇਸ ਲੜਾਈ ਵਿੱਚ ਸ਼ਾਮਿਲ ਹੋ ਸਕਦਾ ਹੈ। ਹੁਣ ਤੱਕ ਸਥਿਤੀ ਇਹ ਹੈ ਕਿ ਰੂਸ ਨੇ ਇਹ ਲੜਾਈ ਜਿੰਨੀ ਸੌਖੀ ਸਮਝੀ ਸੀ, ਉੰਨੀ ਸੌਖੀ ਨਹੀਂ ਨਿਕਲੀ । ਰੂਸੀ ਫੌਜ ਨੂੰ ਯੂਕਰੇਨ ਦੀ ਫੌਜ ਵੱਲੋਂ ਸਖ਼ਤ ਮੁਕਾਬਲਾ ਮਿਲ ਰਿਹਾ ਹੈ । ਰੂਸ ਅਜੇ ਤੱਕ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਕੰਟਰੋਲ ਨਹੀਂ ਕਰ ਸਕਿਆ ਹੈ ਸੀ ।
ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਪੰਜਵਾਂ ਦਿਨ ਹੈ। ਹੁਣ ਯੂਕਰੇਨ ਨੂੰ ਦੂਜੇ ਦੇਸ਼ਾਂ ਤੋਂ ਵੀ ਮਦਦ ਮਿਲਣੀ ਸ਼ੁਰੂ ਹੋ ਗਈ ਹੈ। ਅਮਰੀਕਾ ਯੂਕਰੇਨ ਨੂੰ 500 ਸਟਿੰਗਰ ਮਿਜ਼ਾਈਲਾਂ ਤੇ ਹਥਿਆਰ ਭੇਜ ਰਿਹਾ ਹੈ। ਯੂਕਰੇਨ ਦਾ ਦਾਅਵਾ ਹੈ ਕਿ ਰੂਸੀ ਹਮਲੇ ਵਿੱਚ ਹੁਣ ਤੱਕ 352 ਲੋਕਾਂ ਦੀ ਮੌਤ ਹੋ ਚੁੱਕੀ ਹੈ, ਉਥੇ ਹੀ 1,684 ਲੋਕ ਜ਼ਖਮੀ ਹੋਏ ਹਨ। ਦੂਜੇ ਪਾਸੇ ਯੂਕਰੇਨ ਦਾ ਦਾਅਵਾ ਹੈ ਕਿ ਉਸ ਨੇ ਹੁਣ ਤੱਕ ਦੀ ਜੰਗ ਵਿੱਚ ਰੂਸ ਦਾ ਕਾਫੀ ਨੁਕਸਾਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: