US congresswoman urges Biden: ਭਾਰਤ ਵਿੱਚ ਕੋਰੋਨਾ ਕਾਰਨ ਹਾਲਤ ਬੇਹੱਦ ਮਾੜੇ ਹੁੰਦੇ ਜਾ ਰਹੇ ਹਨ। ਜਿਸਦੇ ਮੱਦੇਨਜ਼ਰ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਨੂੰ ਮਦਦ ਭੇਜੀ ਜਾ ਰਹੀ ਹੈ। ਇਸ ਵਿਚਾਲੇ ਅਮਰੀਕੀ ਸੰਸਦ ਮੈਂਬਰ ਹੈਲੀ ਸਟੀਵੰਸ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੂੰ ਇੱਕ ਪੱਤਰ ਲਿਖ ਕੇ ਉਸ ਨੂੰ ਬੇਨਤੀ ਕੀਤੀ ਹੈ ਕਿ ਉਹ ਕੋਵਿਡ-19 ਮਹਾਂਮਾਰੀ ਦੀ ਖਤਰਨਾਕ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਹੋਰ ਜ਼ਿਆਦਾ ਸਹਾਇਤਾ ਪ੍ਰਦਾਨ ਕਰਨ ।
ਸਟੀਵੰਸ ਨੇ ਪੱਤਰ ਵਿੱਚ ਲਿਖਿਆ, “ਪਿਛਲੇ ਹਫ਼ਤੇ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਰੋਜ਼ਾਨਾ 4,00,000 ਤੋਂ ਵੱਧ ਮਾਮਲੇ ਸਾਹਮਣੇ ਆਏ । 4 ਮਈ ਨੂੰ ਇੱਥੇ 3,786 ਕੋਰੋਨਾ ਪੀੜਤਾਂ ਦੀ ਮੌਤ ਹੋਈ। ਜਿਸ ਤੋਂ ਬਾਅਦ ਕੋਰੋਨਾ ਕਾਰਨ ਮਰਨ ਵਾਲਿਆਂ ਗਿਣਤੀ 2,26,188 ਤੱਕ ਪਹੁੰਚ ਗਈ ।
ਇਹ ਵੀ ਪੜ੍ਹੋ: ਦਿੱਲੀ ਦੇ ਰਕਾਬ ਗੰਜ ਗੁਰੂਦੁਆਰਾ ਸਾਹਿਬ ਦਾ ਖਾਸ ਉਪਰਾਲਾ, ਸ਼ੁਰੂ ਕੀਤਾ 400 ਬੈੱਡਾਂ ਵਾਲਾ ਅਸਥਾਈ ਹਸਪਤਾਲ
ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਸਿਹਤ ਪ੍ਰਣਾਲੀ ‘ਤੇ ਬਹੁਤ ਜ਼ਿਆਦਾ ਬੋਝ ਪਿਆ, ਹਸਪਤਾਲ ਮਰੀਜ਼ਾਂ ਨਾਲ ਭਰੇ ਹੋਏ ਹਨ ਅਤੇ ਆਕਸੀਜਨ ਦੀ ਘਾਟ ਹੈ । ਭਾਰਤ ਨੂੰ ਆਕਸੀਜਨ, ਇਲਾਜ ਪ੍ਰਣਾਲੀ ਅਤੇ ਟੀਕਿਆਂ ਦੀ ਬਹੁਤ ਜ਼ਰੂਰਤ ਹੈ।”
ਇਸ ਤੋਂ ਇਲਾਵਾ ਭਾਰਤ ਨੂੰ 10 ਕਰੋੜ ਡਾਲਰ ਤੋਂ ਵੱਧ ਦੀ ਸਹਾਇਤਾ ਪਹੁੰਚਾਉਣ ਲਈ ਬਾਇਡੇਨ ਦਾ ਧੰਨਵਾਦ ਕਰਦਿਆਂ ਸਟੀਵੰਸ ਨੇ ਵ੍ਹਾਈਟ ਹਾਊਸ ਨੂੰ ਭਾਰਤ ਦੇ ਹਸਪਤਾਲਾਂ ਵਿੱਚ ਹੋਰ ਆਕਸੀਜਨ ਸਿਲੰਡਰ, ਆਕਸੀਜਨ ਸੰਕੇਤਕ, ਆਕਸੀਜਨ ਪਲਾਂਟ, ਰੈਮਡੇਸਿਵਿਰ, ਟੋਸਿਲੀਜੁਮੈਬ ਅਤੇ ਵੈਂਟੀਲੇਟਰ ਭੇਜਣ ਦੀ ਬੇਨਤੀ ਕੀਤੀ ਹੈ ।
ਇਸ ਤੋਂ ਅੱਗੇ ਉਨ੍ਹਾਂ ਕਿਹਾ, ‘ਤੁਸੀਂ ਭਾਰਤ ਦੀ ਸਥਿਤੀ ਦਾ ਲਗਾਤਾਰ ਮੁਲਾਂਕਣ ਕਰ ਰਹੇ ਹੋ, ਜਿਸ ਸਥਿਤੀ ਵਿੱਚ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਉਪਰੋਕਤ ਜ਼ਰੂਰਤਾਂ ਨੂੰ ਪੂਰਾ ਕਰਨ ‘ਤੇ ਵਿਚਾਰ ਕਰੋ।
ਇਹ ਵੀ ਪੜ੍ਹੋ: ਰੂਸ ਦੇ ਸਕੂਲ ‘ਚ ਦਾਖਲ ਹੋ ਸਿਰਫਿਰੇ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, 8 ਬੱਚਿਆਂ ਸਮੇਤ 9 ਦੀ ਮੌਤ
ਜਦੋਂ ਤੱਕ ਭਾਰਤ ਵਿੱਚ ਕੋਵਿਡ-19 ਦਾ ਪ੍ਰਕੋਪ ਜਾਰੀ ਰਹੇਗਾ, ਉਦੋਂ ਤੱਕ ਵਾਇਰਸ ਦੇ ਨਵੇਂ ਰੂਪਾਂ ਦੇ ਪੈਦਾ ਹੋਣ ਦਾ ਖ਼ਤਰਾ ਰਹੇਗਾ, ਜਿਸ ਤੋਂ ਟੀਕਾਕਰਣ ਦੇ ਬਾਵਜੂਦ ਅਮਰੀਕਾ ਵਿੱਚ ਵੀ ਗੰਭੀਰ ਖ਼ਤਰਾ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਰ ਪਾਸਿਓਂ ਵਾਇਰਸ ਨੂੰ ਖ਼ਤਮ ਕਰਨ ਲਈ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।’