US Congresswoman Writes to Biden: ਅਮਰੀਕਾ ਦੇ ਇੱਕ ਸੰਸਦ ਮੈਂਬਰ ਵੱਲੋਂ ਭਾਰਤ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਜ਼ਬਰਦਸਤ ਵਾਧੇ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਗਈ ਹੈ। ਉਨ੍ਹਾਂ ਨੇ ਚਿੰਤਾ ਜ਼ਾਹਿਰ ਕਰਦਿਆਂ ਦੇਸ਼ ਦੇ ਰਾਸ਼ਟਰਪਤੀ ਜੋ ਬਾਇਡੇਨ ਨੂੰ ਇੱਕ ਪੱਤਰ ਲਿਖਿਆ ਹੈ। ਉਨ੍ਹਾਂ ਨੇ ਰਾਸ਼ਟਰਪਤੀ ਬਾਇਡੇਨ ਨੂੰ ਪੱਤਰ ਲਿਖ ਕੇ ਭਾਰਤ ਨੂੰ ਮਿਲ ਰਹੀ ਅਮਰੀਕੀ ਮਦਦ ਵਧਾਉਣ ਦੀ ਅਪੀਲ ਕੀਤੀ ਹੈ। ਉੱਥੇ ਹੀ ਰਾਸ਼ਟਰਪਤੀ ਬਾਇਡੇਨ ਨੇ ਕਿਹਾ ਹੈ ਕਿ ਅਮਰੀਕਾ ਕੋਵਿਡ-19 ਦੇ ਖ਼ਿਲਾਫ਼ ਜੰਗ ਵਿੱਚ ਭਾਰਤ ਦੀ ਪੂਰੀ ਮਦਦ ਕਰ ਰਿਹਾ ਹੈ । ਬਾਇਡੇਨ ਨੇ ਦੱਸਿਆ ਕਿ ਯੂਨਾਈਟਿਡ ਸਟੇਟਸ ਏਜੰਸੀ ਫੋਰ ਇੰਟਰਨੈਸ਼ਨਲ ਡਿਵੈਲਪਮੈਂਟ (USAID) ਵੱਲੋਂ ਵਿਤਪੋਸ਼ਿਤ ਹੁਣ ਤੱਕ 6 ਜਹਾਜ਼ ਅਮਰੀਕਾ ਤੋਂ ਭਾਰਤ ਲਈ ਰਵਾਨਾ ਹੋ ਚੁੱਕੇ ਹਨ। ਇਹਨਾਂ ਜਹਾਜ਼ਾਂ ਵਿਚ ਸਿਹਤ ਸਮੱਗਰੀ, ਆਕਸੀਜਨ ਸਿਲੰਡਰ, ਐੱਨ95 ਮਾਸਕ ਅਤੇ ਹੋਰ ਜ਼ਰੂਰੀ ਦਵਾਈਆਂ ਹਨ।
ਦਰਅਸਲ, ਬਾਇਡੇਨ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਬ੍ਰਾਜ਼ੀਲ ਦੀ ਮਦਦ ਕਰ ਰਹੇ ਹਾਂ। ਅਸੀਂ ਭਾਰਤ ਦੀ ਵੀ ਪ੍ਰਮੁੱਖਤਾ ਨਾਲ ਮਦਦ ਕਰ ਰਹੇ ਹਾਂ । ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ । ਉਨ੍ਹਾਂ ਨੂੰ ਸਭ ਤੋਂ ਵੱਧ ਲੋੜਵੰਦ ਸਮੱਗਰੀ ਅਤੇ ਉਨ੍ਹਾਂ ਕਲਪੁਰਜਿਆਂ ਦੀ ਹੈ ਜਿਨ੍ਹਾਂ ਤੋਂ ਟੀਕਾ ਬਣਾਉਣ ਦਾ ਕੰਮ ਹੋ ਸਕੇ । ਅਸੀਂ ਇਹ ਚੀਜ਼ਾਂ ਉਨ੍ਹਾਂ ਨੂੰ ਭੇਜ ਰਹੇ ਹਾਂ। ਇਸ ਤੋਂ ਇਲਾਵਾ ਬਾਇਡੇਨ ਨੇ ਕਿਹਾ ਕਿ 4 ਜੁਲਾਈ ਤੱਕ ਅਮਰੀਕਾ ਐਸਟ੍ਰਾਜ਼ੈਨੇਕਾ ਟੀਕੇ ਦੀਆਂ 10 ਫੀਸਦੀ ਖੁਰਾਕਾਂ ਹੋਰ ਦੇਸ਼ਾਂ ਨੂੰ ਦੇਣ ਜਾ ਰਿਹਾ ਹੈ। ਐਸਟ੍ਰਾਜ਼ੈਨੇਕਾ ਟੀਕੇ ਦੀ ਪੂਰੀ ਦੁਨੀਆ ਵਿੱਚ ਵਰਤੋਂ ਹੋ ਰਹੀ ਹੈ ਪਰ ਇਸ ਨੂੰ ਅਮਰੀਕਾ ਵਿੱਚ ਇਜਾਜ਼ਤ ਨਹੀਂ ਮਿਲੀ ਹੈ।
ਇਸ ਸਬੰਧੀ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਭਾਰਤ ਸਰਕਾਰ ਦੀ ਅਪੀਲ ‘ਤੇ ਇੰਡੀਅਨ ਰੈੱਡ ਕ੍ਰਾਸ ਨੂੰ ਪਹਿਲਾਂ ਹੀ ਯੂ.ਐੱਸ.ਏਡ ਕੁਝ ਸਮੱਗਰੀ ਮੁਹੱਈਆ ਕਰਵਾ ਚੁੱਕਿਆ ਹੈ। ਰਾਸ਼ਟਰਪਤੀ ਨੂੰ ਲਿਖੇ ਪੱਤਰ ਵਿੱਚ ਸੰਸਦ ਮੈਂਬਰ ਦੇਬੋਰਾਹ ਰਾਸ ਨੇ ਕਿਹਾ ਪਿਛਲੇ ਕੁਝ ਹਫ਼ਤਿਆਂ ਤੋਂ ਮੈਂ ਲੋਕਾਂ ਦੀਆਂ ਮੁਸ਼ਕਿਲਾਂ ਦੇ ਬਾਰੇ ਸੁਣ ਰਹੀ ਹਾਂ ਜੋ ਭਾਰਤ ਵਿੱਚ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਲੈ ਕੇ ਡਰੇ ਹੋਏ ਹਨ ।
ਦੱਸ ਦੇਈਏ ਕਿ ਰਾਸ ਨੇ ਆਪਣੇ ਪੱਤਰ ਵਿੱਚ ਭਾਰਤ ਨੂੰ ਤੁਰੰਤ 10 ਕਰੋੜ ਡਾਲਰ ਤੋਂ ਵੱਧ ਦੇ ਜ਼ਰੂਰੀ ਮੈਡੀਕਲ ਸਾਮਾਨ ਦੀ ਸਪਲਾਈ ਕਰਨ ਲਈ ਬਾਇਡੇਨ ਦਾ ਧੰਨਵਾਦ ਕੀਤਾ ਹੈ । ਰਾਸ ਨੇ ਬਾਇਡੇਨ ਨੂੰ ਕਿਹਾ ਕਿ ਜੇਕਰ ਸੰਭਵ ਹੋਵੇ ਤਾਂ ਅਮਰੀਕਾ ਕੋਲ ਮੌਜੂਦ ਟੀਕੇ ਦੀਆਂ ਵਧੀਕ ਖੁਰਾਕਾਂ ਭਾਰਤ ਨੂੰ ਮੁਹੱਈਆ ਕਰਵਾਈਆਂ ਜਾਣ। ਅਮਰੀਕਾ ਦੀ ਵਿਗਿਆਨ ਅਤੇ ਤਕਨਾਲੋਜੀ ਕਮੇਟੀ ਦੀ ਪ੍ਰਧਾਨ ਸਾਂਸਦ ਏਡੀ ਬਰਨੀ ਨੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਨਾਲ ਮੰਗਲਵਾਰ ਨੂੰ ਡਿਜੀਟਲ ਬੈਠਕ ਵੀ ਕੀਤੀ ।