US Election 2020: ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਲਈ ਅੱਜ ਵੋਟਿੰਗ ਹੋਵੇਗੀ । ਲੋਕਾਂ ਦੀ ਨਜ਼ਰ ਇਸ ਗੱਲ ‘ਤੇ ਟਿਕੀ ਹੈ ਕਿ ਕੀ ਟਰੰਪ ਮੁੜ ਸੱਤਾ ਵਿੱਚ ਵਾਪਸੀ ਕਰ ਸਕਣਗੇ । ਕਈ ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਡੋਨਾਲਡ ਟਰੰਪ ਚੋਣ ਹਾਰ ਸਕਦੇ ਹਨ । ਇਸ ਵਾਰ ਜੋ ਬਿਡੇਨ ਦਾ ਪਲੜਾ ਭਾਰੀ ਹੈ। ਜੇ ਅਜਿਹਾ ਹੁੰਦਾ ਹੈ ਇਹ 1992 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਰਾਸ਼ਟਰਪਤੀ ਦੁਬਾਰਾ ਨਾ ਚੁਣਿਆ ਗਿਆ ਹੋਵੇ।
ਦਰਅਸਲ, 1992 ਵਿੱਚ ਬਿਲ ਕਲਿੰਟਨ ਨੇ ਉਸ ਵੇਲੇ ਦੇ ਰਾਸ਼ਟਰਪਤੀ ਜੋਰਜ ਡਬਲਯੂ ਬੁਸ਼ ਨੂੰ ਹਰਾਇਆ ਸੀ। ਇਸ ਦੌਰਾਨ ਇੱਕ ਖ਼ਬਰ ਇਹ ਵੀ ਚੱਲ ਰਹੀ ਹੈ ਕਿ ਟਰੰਪ ਰਾਸ਼ਟਰਪਤੀ ਦੀ ਚੋਣ ਖ਼ਤਮ ਹੋਣ ਤੋਂ ਬਾਅਦ ਸਮੇਂ ਤੋਂ ਪਹਿਲਾਂ ਹੀ ਜਿੱਤ ਦੀ ਘੋਸ਼ਣਾ ਕਰ ਦੇਣਗੇ । ਹਾਲਾਂਕਿ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਸਾਰੀਆਂ ਖਬਰਾਂ ਨੂੰ ਖਾਰਿਜ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਉਹ ਅਜਿਹੀ ਕੋਈ ਯੋਜਨਾ ਨਹੀਂ ਬਣਾ ਰਹੇ ਹਨ । ਹਾਲਾਂਕਿ, ਉਨ੍ਹਾਂ ਨੇ ਇਹ ਸੰਕੇਤ ਜਰੂਰ ਦਿੱਤਾ ਹੈ ਕਿ ਉਹ ਚੋਣਾਂ ਹੁੰਦੇ ਹੀ ਕਾਨੂੰਨੀ ਲੜਾਈ ਦੀ ਤਿਆਰੀ ਕਰ ਰਹੇ ਹਨ।
ਦੱਸ ਦੇਈਏ ਕਿ ਅਮਰੀਕਾ ਦੀਆਂ ਚੋਣਾਂ ਵਿੱਚ ਪਹਿਲੀ ਵਾਰ ਭਾਰਤੀ ਮੂਲ ਦੇ ਵੋਟਰ ਇੱਕ ਵੱਡੀ ਤਾਕਤ ਵਜੋਂ ਉੱਭਰੇ ਹਨ । 16 ਰਾਜਾਂ ਵਿੱਚ ਉਨ੍ਹਾਂ ਦੀ ਸੰਖਿਆ ਅਮਰੀਕਾ ਦੀ ਕੁੱਲ ਆਬਾਦੀ ਦੇ ਇੱਕ ਪ੍ਰਤੀਸ਼ਤ ਤੋਂ ਵੱਧ ਹੈ। ਪਰ ਖਾਸ ਗੱਲ ਇਹ ਹੈ ਕਿ 13 ਲੱਖ ਭਾਰਤੀ ਉਨ੍ਹਾਂ 8 ਰਾਜਾਂ ਵਿੱਚ ਰਹਿੰਦੇ ਹਨ ਜਿੱਥੇ ਕੜਾ ਮੁਕਾਬਲਾ ਹੁੰਦਾ ਹੈ । ਅਜਿਹੀ ਸਥਿਤੀ ਵਿੱਚ ਕਿਸੇ ਵੀ ਪਾਰਟੀ ਲਈ ਇੱਕ-ਇੱਕ ਵੋਟ ਕੀਮਤੀ ਹੋ ਜਾਂਦੀ ਹੈ। ਅਮਰੀਕਾ ਵਿਚ 24 ਕਰੋੜ ਵੋਟਰ ਹਨ। ਬੀਤੇ 28 ਅਕਤੂਬਰ ਤੱਕ 7.5 ਕਰੋੜ ਤੋਂ ਵੱਧ ਵੋਟਾਂ ਪਾਈਆਂ ਜਾ ਚੁੱਕੀਆਂ ਹਨ। ਚੋਣ ਮਾਹਿਰਾਂ ਅਨੁਸਾਰ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਈਲੈਂਟ ਵੋਟਰ ਕਿੰਗਮੇਕਰ ਹੋਣਗੇ । ਅਮਰੀਕਾ ਵਿੱਚ ਵੋਟ ਪਾਉਣ ਲਈ ਦੋ ਵਿਕਲਪ ਹਨ, ਇੱਕ ਤਾਂ ਮੇਲ ਰਾਹੀਂ ਜਾਂ ਫਿਰ ਪੋਲਿੰਗ ਸਟੇਸ਼ਨ ‘ਤੇ ਜਾ ਕੇ ਵੋਟ ਪਾਉਣਾ।
ਦੱਸਿਆ ਜਾ ਰਿਹਾ ਹੈ ਕਿ YouGov ਤੇ ਕੈਮਬ੍ਰਿਜ ਐਂਡੋਮੈਂਟ ਵੱਲੋਂ ਇੱਕ ਸਰਵੇ ਕੀਤਾ ਗਿਆ ਹੈ। ਇਸ ਸਰਵੇ ਅਨੁਸਾਰ 72% ਭਾਰਤੀ ਅਮਰੀਕੀ ਬਿਡੇਨ ਨੂੰ ਵੋਟ ਪਾਉਣਗੇ, ਜਦੋਂ ਕਿ 22% ਟਰੰਪ ਨੂੰ ਵੋਟ ਪਾਉਣਗੇ। ਜੇ ਅਸੀਂ ਮੰਨਦੇ ਹਾਂ ਕਿ ਸਾਰੇ ਫੈਕਟਰ 2016 ਵਾਂਗ ਹੀ ਰਹਿਣਗੇ, ਤਾਂ ਭਾਰਤੀ ਅਮਰੀਕੀਆਂ ਦਾ 72% ਸਮਰਥਨ ਬਾਈਡਨ ਨੂੰ ਰਾਸ਼ਟਰਪਤੀ ਬਣਾਉਣ ਵਿੱਚ ਮਦਦਗਾਰ ਹੋਵੇਗਾ। ਮਿਸ਼ੀਗਨ ਵਿੱਚ ਬਿਡੇਨ ਨੂੰ 90 ਹਜ਼ਾਰ, ਵਿਸਕਾਨਸਿਨ ਵਿੱਚ 26,640 ਵੋਟਾਂ ਅਤੇ ਪੈਨਸਿਲਵੇਨੀਆ ਵਿੱਚ 1,12,320 ਵੋਟਾਂ ਭਾਰਤੀਆਂ ਦੀਆਂ ਹੋਣਗੀਆਂ। ਯਾਨੀ ਡੈਮੋਕਰੇਟ ਪਾਰਟੀ ਇਸ ਵਾਰ ਆਪਣੀ 2016 ਦੀ ਹਾਰ ਨੂੰ 2020 ਵਿੱਚ ਜਿੱਤ ਵਿੱਚ ਬਦਲ ਸਕਦੇ ਹਨ।
ਦੱਸ ਦੇਈਏ ਕਿ 3 ਨਵੰਬਰ ਯਾਨੀ ਕਿ ਅੱਜ ਅਮਰੀਕੀ ਜਨਤਾ ਆਪਣੀ ਵੋਟ ਪਾਵੇਗੀ। ਅਮਰੀਕੀ ਸਮੇਂ ਅਨੁਸਾਰ ਵੋਟ ਪਾਉਣ ਦੀ ਪ੍ਰਕਿਰਿਆ ਸਵੇਰੇ 6 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਰਾਤ 9 ਵਜੇ ਤੱਕ ਚੱਲੇਗੀ। ਜੋ ਲੋਕ ਆਪਣੇ ਪੋਲਿੰਗ ਬੂਥ ‘ਤੇ ਜਾ ਕੇ ਵੋਟ ਦੇਣਾ ਚਾਹੁੰਦੇ ਹਨ, ਉਹ ਉੱਥੇ ਪਹੁੰਚ ਕੇ ਆਪਣੀ ਵੋਟ ਦੇ ਸਕਦੇ ਹਨ । ਰਾਤ 9 ਵਜੇ ਤੋਂ ਬਾਅਦ ਕੋਈ ਵੀ ਆਪਣੀ ਵੋਟ ਨਹੀਂ ਦੇ ਸਕੇਗਾ ਅਤੇ ਇਸ ਵਾਰ ਤੋਂ ਬਾਅਦ ਕਿਸੇ ਵੀ ਤਰੀਕੇ ਨਾਲ ਵੋਟ ਨਹੀਂ ਪਾਈ ਜਾ ਸਕਦੀ।