US Expands Sanctions: ਵਾਸ਼ਿੰਗਟਨ: ਅਮਰੀਕਾ ਨੇ ਸੋਮਵਾਰ ਨੂੰ ਇੱਕ ਵੱਡਾ ਕਦਮ ਚੁੱਕਦਿਆਂ ਉਨ੍ਹਾਂ 38 ਕੰਪਨੀਆਂ ‘ਤੇ ਵੀ ਬੈਨ ਲਗਾ ਦਿੱਤਾ ਹੈ, ਜਿਹੜੀਆਂ ਚੀਨ ਦੀ ਟੇਲੀ ਕਮਿਊਨੀਕੇਸ਼ਨ ਕੰਪਨੀ ਹੁਵੇਈ ਦੇ ਨਾਲ ਕੰਮ ਕਰ ਰਹੀਆਂ ਸਨ । ਅਮਰੀਕਾ ਦੇ ਬਿਊਰੋ ਆਫ ਇੰਡਸਟਰੀ ਐਂਡ ਸਿਕਓਰਿਟੀ (BIS) ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਇਹ ਵਿਭਾਗ ਅਮਰੀਕਾ ਦੇ ਵਣਜ ਮੰਤਰਾਲੇ ਦੇ ਤਹਿਤ ਆਉਂਦਾ ਹੈ । ਇਸ ਗੱਲ ਦੀ ਘੋਸ਼ਣਾ ਵੀ ਕੀਤੀ ਗਈ ਹੈ ਕਿ ਹੁਵੇਈ ਦੀ ਯੂ.ਐੱਸ. ਚਿਪ ਤੱਕ ਪਹੁੰਚ ਨੂੰ ਵੀ ਸੀਮਤ ਕੀਤੀ ਜਾਵੇਗੀ।

ਇਸ ਸਬੰਧੀ ਇੱਕ ਪ੍ਰੈੱਸ ਰਿਲੀਜ ਜਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਗਈ। ਅਮਰੀਕੀ ਪ੍ਰਸ਼ਾਸਨ ਵੱਲੋਂ ਜਾਰੀ ਪ੍ਰੈੱਸ ਰਿਲੀਜ ਵਿੱਚ ਕਿਹਾ ਗਿਆ ਹੈ ਕਿ ਹੁਵੇਈ, ਅਮਰੀਕੀ ਪੁਰਜਿਆਂ ਨੂੰ ਥਰਡ ਪਾਰਟੀ ਕੰਪਨੀਆਂ ਦੀ ਮਦਦ ਨਾਲ ਖਰੀਦ ਰਹੀ ਸੀ। ਅਜਿਹਾ ਕਰ ਕੇ ਉਹ ਬੈਨ ਨੂੰ ਅਸਫਲ ਕਰਨ ਵਿੱਚ ਸਫ਼ਲ ਹੋ ਰਹੀ ਹੈ। ਅਮਰੀਕਾ ਵੱਲੋਂ ਜੋ ਪਾਬੰਦੀ ਲਗਾਈ ਗਈ ਹੈ ਉਹ ਹੁਵੇਈ ਦੀਆਂ ਉਹਨਾਂ ਕੰਪਨੀਆਂ ‘ਤੇ ਹੈ ਜੋ 21 ਦੇਸ਼ਾਂ ਵਿੱਚ ਮੌਜੂਦ ਹਨ। ਇਹਨਾਂ ਕੰਪਨੀਆਂ ਦੇ ਸੈਂਟਰ ਚੀਨ ਤੋਂ ਬਾਹਰ ਹਨ ਅਤੇ ਕੁਝ ਯੂਰਪ ਵਿੱਚ ਵੀ ਫੈਲੇ ਹੋਏ ਹਨ।

ਇਸ ਤੋਂ ਸਾਫ਼ ਹੁੰਦਾ ਹੈ ਕਿ ਹੁਵੇਈ ਨੂੰ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਦੇ ਨਾਲ ਬਿਜ਼ਨੈੱਸ ਕਰਨ ਤੋਂ ਰੋਕਣਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦਾ ਮਹੱਤਵਪੂਰਨ ਟੀਚਾ ਹੈ। ਇਸ ਬਾਰੇ ਅਮਰੀਕਾ ਦੇ ਵਣਜ ਮੰਤਰੀ ਵਿਲਬਰ ਰਾਸ ਨੇ ਕਿਹਾ ਹੈ ਕਿ ਹੁਵੇਈ ਅਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਨੇ ਅਮਰੀਕੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਹਿੱਤਾਂ ਨੂੰ ਕਮਜ਼ੋਰ ਕਰਨ ਵਾਲੇ ਢੰਗਾਂ ਨਾਲ ਅਮਰੀਕੀ ਤਕਨਾਲੋਜੀ ਦੀ ਵਰਤੋਂ ਕਰਨ ਲਈ ਤੀਜੇ ਪੱਖ ਦੇ ਮਾਧਿਅਮ ਨਾਲ ਕੰਮ ਕੀਤਾ ਹੈ।
ਦੱਸ ਦੇਈਏ ਕਿ ਇਸ ਬਾਰੇ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਜਿੰਗ ਸਰਕਾਰ ਨਾਲ ਜੁੜੇ ਹੋਣ ਦੇ ਕਾਰਨ ਹੁਵੇਈ ਸੁਰੱਖਿਆ ਦੇ ਲਈ ਖਤਰਾ ਹੈ । ਹਾਲਾਂਕਿ ਕੰਪਨੀ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਿਜ ਕੀਤਾ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਟਰੰਪ ਨੇ ਦਾਅਵਾ ਕੀਤਾ ਸੀ ਕਿ ਹੁਵੇਈ ਸਾਡੇ ਦੇਸ਼ ਦੀ ਜਾਸੂਸੀ ਕਰ ਰਹੀ ਹੈ । ਉੱਥੇ ਹੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਟਵੀਟ ਕਰਕੇ ਕਿਹਾ ਕਿ ਟਰੰਪ ਪ੍ਰਸ਼ਾਸਨ ਹੁਵੇਈ ਨੂੰ ਉਸੇ ਨਜ਼ਰ ਨਾਲ ਦੇਖਦਾ ਹੈ ਜੋ ਉਹ ਹੈ- ਚੀਨੀ ਕਮਿਊਨਿਸਟ ਪਾਰਟੀ ਦੀ ਨਿਗਰਾਨੀ ਸਟੇਟ ਦਾ ਮਹੱਤਵਪੂਰਨ ਹਿੱਸਾ ਹੈ। ਪੋਂਪਿਓ ਅਨੁਸਾਰ ਨਵੀਆਂ ਪਾਬੰਦੀਆਂ ਨੂੰ ਲਗਾਉਣ ਦਾ ਉਦੇਸ਼ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ, ਅਮਰੀਕੀ ਨਾਗਰਿਕਾਂ ਦੀ ਨਿੱਜਤਾ ਅਤੇ ਬੀਜਿੰਗ ਦੇ ਖਤਰਨਾਕ ਪ੍ਰਭਾਵ 5G ਬੁਨਿਆਦੀ ਢਾਂਚੇ ਦੀ ਅਖੰਡਤਾ ਨੂੰ ਬਚਾਉਣਾ ਹੈ।






















