US Indianapolis Shooting: ਅਮਰੀਕਾ ਦੇ ਇੰਡੀਆਨਾ ਰਾਜ ਵਿੱਚ ਫੈਡੇਕਸ ਫੈਸੇਲਟੀ ਵਿੱਚ ਇੱਕ ਗੋਲੀਬਾਰੀ ਦੌਰਾਨ ਚਾਰ ਸਿੱਖਾਂ ਸਮੇਤ ਘੱਟੋ-ਘੱਟ 8 ਲੋਕ ਮਾਰੇ ਗਏ ਹਨ ਅਤੇ ਪੰਜ ਹੋਰ ਜ਼ਖਮੀ ਹੋ ਗਏ । ਗੋਲੀਬਾਰੀ ਕਰਨ ਵਾਲੇ ਵਿਅਕਤੀ ਦੀ ਪਛਾਣ ਇੰਡੀਆਨਾ ਵਾਸੀ 19 ਸਾਲਾ ਬ੍ਰੈਂਡਨ ਸਕੌਟ ਹੋਲ ਵਜੋਂ ਹੋਈ । ਦੋਸ਼ੀ ਨੇ ਲੋਕਾਂ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ ਕਰ ਲਈ।
ਡਿਲਿਵਰੀ ਸੇਵਾ ਸਹੂਲਤ ‘ਤੇ ਕੰਮ ਕਰਨ ਵਾਲੇ 90 ਪ੍ਰਤੀਸ਼ਤ ਲੋਕ ਭਾਰਤੀ-ਅਮਰੀਕੀ ਹਨ। ਇੱਥੇ ਬਹੁਤੇ ਕਰਮਚਾਰੀ ਸਥਾਨਕ ਸਿੱਖ ਭਾਈਚਾਰੇ ਦੇ ਹਨ । ਕਮਿਊਨਿਟੀ ਦੇ ਆਗੂ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ‘ਇਹ ਬਹੁਤ ਦਿਲ ਤੋੜ ਵਾਲਾ ਹੈ। ਸਿੱਖ ਕੌਮ ਇਸ ਦੁਖਦਾਈ ਘਟਨਾ ਕਾਰਨ ਸੋਗ ਵਿੱਚ ਹੈ।
ਨਿਊਜ਼ ਏਜੰਸੀ ਅਨੁਸਾਰ ਦੋਸ਼ੀ ਬ੍ਰੈਂਡਨ ਪਹਿਲਾਂ ਫੇਡੇਕਸ ਦੇ ਫੈਸੇਲਟੀ ਸੈਂਟਰ ਵਿੱਚ ਕੰਮ ਕਰਦਾ ਸੀ। ਮੈਰੀਅਨ ਕਾਉਂਟੀ ਕੋਰੋਨਰ ਦੇ ਦਫਤਰ ਨੇ ਮ੍ਰਿਤਕਾਂ ਦੀ ਪਛਾਣ 32 ਸਾਲਾਂ ਮੈਥਿਊ ਆਰ. ਅਲੈਗਜ਼ੈਡਰ, ਸਾਮਰਿਆ ਬਲੈਕਵੈੱਲ-19, ਅਮਰਜੀਤ ਜੌਹਲ-66, ਜਸਵਿੰਦਰ ਕੌਰ-64, ਜਸਵਿੰਦਰ ਸਿੰਘ-68, ਅਮਰਜੀਤ ਸੇਖੋਂ-48, ਕਰਲੀ ਸਮਿਥ-19, ਅਤੇ ਜੌਹਨ ਵੇਸਰੀਟ-74 ਦੇ ਰੂਪ ਵਿੱਚ ਕੀਤੀ ਗਈ ਹੈ।
ਦੱਸ ਦੇਈਏ ਕਿ ਇਸ ਘਟਨਾ ‘ਤੇ ਰਾਸ਼ਟਰਪਤੀ ਜੋ ਬਾਇਡੇਨ ਵੱਲੋਂ ਦੁੱਖ ਜਤਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗੋਲੀਬਾਰੀ ਬਾਰੇ ਜਾਣਕਾਰੀ ਮਿਲੀ ਹੈ । ਉਨ੍ਹਾਂ ਨੇ ਬੰਦੂਕ ਨਾਲ ਭੜਕੀ ਹਿੰਸਾ ਨੂੰ ਇੱਕ ਮਹਾਂਮਾਰੀ ਕਿਹਾ । ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ, ‘ਬਹੁਤ ਸਾਰੇ ਅਮਰੀਕੀ ਹਰ ਰੋਜ਼ ਬੰਦੂਕ ਰਾਹੀਂ ਫੈਲਾਈ ਜਾ ਰਹੀ ਹਿੰਸਾ ਕਾਰਨ ਮਰ ਰਹੇ ਹਨ। ਇਹ ਸਾਡੇ ਚਰਿੱਤਰ ਨੂੰ ਦਾਗ਼ ਲਗਾਉਂਦਾ ਹੈ ਅਤੇ ਸਾਡੇ ਰਾਸ਼ਟਰ ਦੀ ਰੂਹ ‘ਤੇ ਹਮਲਾ ਕਰਦਾ ਹੈ।’