US issued new rules: ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਟੈਕਨੋਲੋਜੀ ਕੰਪਨੀਆਂ ਵੱਲੋਂ ਵੱਡੇ ਪੱਧਰ ‘ਤੇ ਇਮੀਗ੍ਰੇਸ਼ਨ ਵੀਜ਼ਾ ਨੂੰ ਲੈ ਕੇ ਨਵੇਂ ਨਿਯਮ ਜਾਰੀ ਕੀਤੇ ਹਨ। ਟਰੰਪ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਇਹ ਨਾ ਸਿਸਟਮ ਅਮਰੀਕੀਆਂ ਲਈ ਵਧੀਆ ਹੋਵੇਗਾ । ਹੋਮਲੈਂਡ ਸਕਿਓਰਿਟੀ ਵਿਭਾਗ ਨੇ ਹੁਨਰਮੰਦ ਕਾਮਿਆਂ ਨੂੰ ਜਾਰੀ ਕੀਤੇ ਜਾਣ ਵਾਲੇ H-1B ਵੀਜ਼ਾ ਲਈ ਨਵੇਂ ਨਿਯਮਾਂ ਦੀ ਘੋਸ਼ਣਾ ਕੀਤੀ ਹੈ। ਇਹ ਵੀਜ਼ਾ ਹਰ ਸਾਲ 85,000 ਪ੍ਰਵਾਸੀਆਂ ਨੂੰ ਦਿੱਤਾ ਜਾਂਦਾ ਹੈ।
ਹੋਮਲੈਂਡ ਸਿਕਿਓਰਿਟੀ ਦੇ ਸੈਕਟਰੀ ਚੈਡ ਵੁਲਫ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਅਜਿਹੇ ਸਮੇਂ ਵਿੱਚ ਪਹੁੰਚ ਗਏ ਹਾਂ ਜਦੋਂ ਆਰਥਿਕ ਸੁਰੱਖਿਆ ਹੋਮਲੈਂਡ ਸਿਕਿਓਰਿਟੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਈ ਹੈ। ਸਿੱਧੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਆਰਥਿਕ ਸੁਰੱਖਿਆ ਹੁਣ ਹੋਮਲੈਂਡ ਸਿਕਿਓਰਿਟੀ ਹੈ। ਸਾਨੂੰ ਇਹ ਸੁਨਿਸ਼ਚਿਤ ਕਰਨਾ ਹੈ ਕਿ ਅਮੈਰੀਕਨ ਕਾਮੇ ਕਾਨੂੰਨ ਦੇ ਤਹਿਤ ਪਹਿਲ ਪ੍ਰਾਪਤ ਕਰਨ।
ਪ੍ਰਵਾਸੀਆਂ ਨੂੰ ਨਿਯਮਤ ਕਰਨ ਲਈ ਟਰੰਪ ਪ੍ਰਸ਼ਾਸਨ ਦੇ ਯਤਨਾਂ ਦਾ ਇਹ ਅਗਲਾ ਕਦਮ ਹੈ। ਟਰੰਪ ਪ੍ਰਸ਼ਾਸਨ ਨੇ ਦਸੰਬਰ 2020 ਤੱਕ H-1B ਵੀਜ਼ਾ ਪ੍ਰੋਗਰਾਮ ‘ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ‘ਤੇ ਪਿਛਲੇ ਹਫਤੇ ਇੱਕ ਸੰਘੀ ਜੱਜ ਨੇ ਰੋਕ ਲਗਾ ਦਿੱਤੀ ਹੈ। ਮੰਗਲਵਾਰ ਨੂੰ ਜਾਰੀ ਕੀਤੇ ਗਏ ਨਵੇਂ ਨਿਯਮਾਂ ਦਾ ਪੂਰਾ ਵੇਰਵਾ ਅਜੇ ਜਾਰੀ ਨਹੀਂ ਕੀਤਾ ਗਿਆ ਹੈ, ਪਰ ਇਹ ਜਾਣਕਾਰੀ ਹੈ ਕਿ ਇਸ ਵਿਚ ‘ਵਿਸ਼ੇਸ਼ ਕਾਰੋਬਾਰਾਂ’ ਦੀ ਪਰਿਭਾਸ਼ਾ ਬਦਲ ਦਿੱਤੀ ਗਈ ਸੀ। ਇਸ ਬਾਰੇ ਹੋਮਲੈਂਡ ਸਿਕਿਓਰਿਟੀ ਦਾ ਕਹਿਣਾ ਹੈ ਕਿ ਕੰਪਨੀਆਂ ਇਸ ਰਾਹੀਂ ਸਿਸਟਮ ਦਾ ਗ਼ਲਤ ਢੰਗ ਨਾਲ ਫਾਇਦਾ ਚੁੱਕਦੀਆਂ ਸਨ।