US president elect Joe Biden: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ ਨੇ ਸੋਮਵਾਰ ਨੂੰ ਜਨਤਕ ਤੌਰ ‘ਤੇ ਕੋਰੋਨਾ ਵਾਇਰਸ ਵੈਕਸੀਨ ਦਾ ਟੀਕਾ ਲਗਵਾਇਆ । ਬਾਇਡੇਨ ਦੇ ਟੀਕਾਕਰਨ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ । ਉਨ੍ਹਾਂ ਨੂੰ ਫਿਲਹਾਲ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। ਕੁਝ ਦਿਨਾਂ ਬਾਅਦ ਬਾਇਡੇਨ ਨੂੰ ਟੀਕੇ ਦੀ ਇੱਕ ਹੋਰ ਖੁਰਾਕ ਦਿੱਤੀ ਜਾਵੇਗੀ ਤਾਂ ਜੋ ਉਹ ਕੋਰੋਨਾ ਦੀ ਲਾਗ ਦੇ ਜੋਖਮ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰਹਿਣ। ਇਸ ਦੌਰਾਨ ਬਾਇਡੇਨ ਨੇ ਕਿਹਾ ਕਿ ਉਹ ਅਮਰੀਕਾ ਦੇ ਨਾਗਰਿਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਇਹ ਟੀਕਾ ਉਨ੍ਹਾਂ ਲਈ ਪੂਰੀ ਤਰ੍ਹਾਂ “ਸੁਰੱਖਿਅਤ” ਹੈ।
ਇਸ ਦੇ ਨਾਲ ਹੀ ਬਾਇਡੇਨ ਉਨ੍ਹਾਂ ਨੇਤਾਵਾਂ ਵਿੱਚ ਸ਼ਾਮਿਲ ਹੋ ਗਏ ਜਿਨ੍ਹਾਂ ਨੇ ਹਾਲ ਹੀ ਵਿੱਚ ਕੋਰੋਨਾ ਵੈਕਸੀਨ ਲਗਵਾਈ ਹੈ। ਉਨ੍ਹਾਂ ਤੋਂ ਪਹਿਲਾਂ ਉਪ-ਰਾਸ਼ਟਰਪਤੀ ਮਾਈਕ ਪੈਂਸ ਅਤੇ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਵੀ ਕੋਰੋਨਾ ਟੀਕਾ ਦੀ ਇੱਕ ਖੁਰਾਕ ਲਈ ਹੈ । ਡੇਲਾਵਾਰੇ ਵਿੱਚ ਕ੍ਰਿਸਟੀਆਨਾ ਕੇਅਰ ਹਸਪਤਾਲ ਦੀ ਨਰਸ ਨੇ ਬਾਇਡੇਨ ਨੂੰ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਲਗਾਇਆ, ਜਿਸ ਨੂੰ ਫਾਈਜ਼ਰ ਅਤੇ ਬਿਓਨਟੈਕ ਨੇ ਮਿਲ ਕੇ ਤਿਆਰ ਕੀਤਾ ਹੈ। ਗੌਰਤਲਬ ਹੈ ਕਿ ਅਮਰੀਕਾ ਵਿੱਚ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਅਧਿਕਾਰਤ ਤੌਰ ‘ਤੇ ਮਨਜ਼ੂਰੀ ਮਿਲ ਗਈ ਹੈ। ਅਮਰੀਕਾ ਵਿੱਚ ਜਨਵਰੀ ਤੋਂ ਕੋਰੋਨਾ ਵੈਕਸੀਨ ਆਮ ਲੋਕਾਂ ਲਈ ਉਪਲਬਧ ਹੋਣ ਦੀ ਸੰਭਾਵਨਾ ਹੈ।
ਬਾਇਡੇਨ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲੈਣ ਤੋਂ ਬਾਅਦ ਇੱਕ ਟਵੀਟ ਵੀ ਕੀਤਾ। ਇਸ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ, “ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਵਿਗਿਆਨੀਆਂ ਅਤੇ ਖੋਜਕਰਤਾਵਾਂ ਨੇ ਬਹੁਤ ਉਪਰਾਲੇ ਕੀਤੇ ਹਨ, ਉਸਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ।” ਅਸੀਂ ਸਾਰਿਆਂ ਦੇ ਧੰਨਵਾਦੀ ਹਾਂ।” ਉੱਥੇ ਹੀ ਟੀਕਾਕਰਣ ਦੇ ਸਿੱਧੇ ਪ੍ਰਸਾਰਣ ‘ਤੇ ਉਨ੍ਹਾਂ ਨੇ ਲਿਖਿਆ ਕਿ ਅਮਰੀਕਾ ਦੇ ਲੋਕਾਂ ਵਿੱਚ ਵੈਕਸੀਨ ਦੇ ਪ੍ਰਤੀ ਵਿਸ਼ਵਾਸ ਨੂੰ ਜਗਾਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਬਾਇਡੇਨ ਨੇ ਕਿਹਾ, “ਅਸੀਂ ਜਨਤਾ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇੱਥੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਅਤੇ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ।” ਉਨ੍ਹਾਂ ਨੇ ਅਮਰੀਕੀ ਲੋਕਾਂ ਨੂੰ ਬਿਨ੍ਹਾਂ ਕਿਸੇ ਡਰ ਦੇ ਕੋਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ।
ਦੱਸ ਦੇਈਏ ਕਿ ਕੋਰੋਨਾ ਸੰਕ੍ਰਮਣ ਕਾਰਨ ਪੂਰੀ ਦੁਨੀਆ ਵਿੱਚ ਹਾਹਾਕਾਰ ਮਚੀ ਹੋਈ ਹੈ। ਫਿਲਹਾਲ ਦੁਨੀਆ ਭਰ ਵਿੱਚ ਕੋਰੋਨਾ-ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 77,172,237 ਤੱਕ ਪਹੁੰਚ ਗਈ ਹੈ। ਇਸ ਜਾਨਲੇਵਾ ਬਿਮਾਰੀ ਨੇ ਹੁਣ ਤੱਕ 1,699,644 ਲੋਕਾਂ ਦੀ ਜਾਨ ਲੈ ਲਈ ਹੈ । ਉੱਥੇ ਹੀ ਅਮਰੀਕਾ ਵਿੱਚ ਸਭ ਤੋਂ ਵੱਧ ਕੋਰੋਨਾ ਦਾ ਪ੍ਰਭਾਵ ਦੇਖਿਆ ਗਿਆ ਹੈ।
ਇਹ ਵੀ ਦੇਖੋ: ਕਿਸਾਨ ਮੋਰਚੇ ਦੀ ਸਟੇਜ਼ ਤੋਂ ਆਗੂਆਂ ਦੇ ਗਰਜਦੇ ਬੋਲ, 27ਵੇਂ ਦਿਨ ਵੀ ਅੱਤ ਦੀ ਠੰਡ ‘ਚ ਬੁਲੰਦ ਹੌਸਲੇ !