ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਇਨ੍ਹੀਂ ਦਿਨੀਂ ਅਮਰੀਕਾ ਦੇ ਦੌਰੇ ‘ਤੇ ਹਨ । ਸ਼ੁੱਕਰਵਾਰ ਨੂੰ ਉਨ੍ਹਾਂ ਨੇ ਆਪਣੇ ਅਮਰੀਕੀ ਹਮਰੁਤਬਾ ਐਂਟਨੀ ਬਿਲਕੇਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ।
ਉੱਥੇ ਹੀ ਦੱਖਣੀ ਅਤੇ ਕੇਂਦਰੀ ਏਸ਼ੀਅਨ ਮਾਮਲਿਆਂ ਦੇ ਬਿਊਰੋ ਨੇ ਭਾਰਤ ਨੂੰ ਕੋਵਿਡ-19 ਵੈਕਸੀਨ ਬਣਾਉਣ ਲਈ ਲੋੜੀਂਦੇ ਕੱਚੇ ਮਾਲ ਦੀ ਸਪਲਾਈ ਕਰਨ ਦੀ ਹਦਾਇਤ ਦਿੱਤੀ ਹੈ, ਜਿਸ ਨਾਲ ਐਸਟਰਾਜ਼ੇਨੇਕਾ ਵੈਕਸੀਨ ਦੀਆਂ 2 ਕਰੋੜ ਵਾਧੂ ਖੁਰਾਕਾਂ ਬਣਾਈਆਂ ਜਾਣਗੀਆਂ।
ਇਹ ਵੀ ਪੜ੍ਹੋ: ਟਵਿੱਟਰ ਤੋਂ ਬਿਨ੍ਹਾਂ ਗੂਗਲ, ਫੇਸਬੁੱਕ, ਵਟਸਐਪ ਮੰਤਰਾਲੇ ਦੀਆਂ ਸ਼ਰਤਾਂ ਨਾਲ ਹੋਏ ਸਹਿਮਤ
ਇਸ ਸਬੰਧੀ ਅਮਰੀਕਾ ਦੇ ਦੱਖਣੀ ਤੇ ਮੱਧ ਏਸ਼ਿਆਈ ਮਾਮਲਿਆਂ ਦੇ ਬਿਊਰੋ ਦੇ ਕਾਰਜਕਾਰੀ ਸਹਾਇਕ ਸਕੱਤਰ ਡੀਨ ਥੌਮਸਨ ਨੇ ਕਿਹਾ, ‘ਅਮਰੀਕੀ ਸਰਕਾਰ, ਰਾਜ ਦੀਆਂ ਸਰਕਾਰਾਂ, ਅਮਰੀਕੀ ਕੰਪਨੀਆਂ ਅਤੇ ਪ੍ਰਾਈਵੇਟ ਨਾਗਰਿਕਾਂ ਨੇ ਕੁੱਲ ਮਿਲਾ ਕੇ ਭਾਰਤ ਨੂੰ ਕੋਵਿਡ-19 ਰਾਹਤ ਸਪਲਾਈ ਵਿੱਚ 50 ਕਰੋੜ ਅਮਰੀਕੀ ਡਾਲਰ ਤੋਂ ਵੱਧ ਦੀ ਰਾਸ਼ੀ ਪ੍ਰਦਾਨ ਕੀਤੀ ਹੈ।’
ਉੱਥੇ ਹੀ ਦੂਜੇ ਪਾਸੇ ਜੈਸ਼ੰਕਰ ਨੇ ਕੋਵਿਡ-19 ਨਾਲ ਨਜਿੱਠਣ ਦੌਰਾਨ ਮੁਸ਼ਕਿਲ ਸਮੇਂ ਵਿੱਚ ਭਾਰਤ ਦਾ ਸਮਰਥਨ ਕਰਨ ਲਈ ਬਾਇਡੇਨ ਪ੍ਰਸ਼ਾਸਨ ਦਾ ਧੰਨਵਾਦ ਕੀਤਾ । ਇਸ ਮੌਕੇ ਬਿਲਕੇਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਕੋਰੋਨਾ ਵਿਰੁੱਧ ਲੜਾਈ ਵਿੱਚ ਇੱਕਜੁੱਟ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਕਈ ਅਹਿਮ ਚੁਣੌਤੀਆਂ ‘ਤੇ ਮਿਲ ਕੇ ਕੰਮ ਕਰ ਰਹੇ ਹਨ।
ਐਂਟਨੀ ਬਿਲਕੇਨ ਨੇ ਇਹ ਵੀ ਕਿਹਾ ਕਿ ਭਾਰਤ ਨੇ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਉਨ੍ਹਾਂ ਦਾ ਸਮਰਥਨ ਕੀਤਾ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਮਰੀਕਾ ਭਾਰਤ ਦੀ ਮਦਦ ਨੂੰ ਕਦੇ ਨਹੀਂ ਭੁੱਲ ਸਕਦਾ ।
ਬਿਲਕੇਨ ਨੇ ਕਿਹਾ ਕਿ ਭਾਰਤ ਨੇ ਕੋਵਿਡ-19 ਦੇ ਸ਼ੁਰੂਆਤੀ ਦਿਨਾਂ ਵਿੱਚ ਅਮਰੀਕਾ ਦਾ ਸਾਥ ਦਿੱਤਾ ਸੀ, ਜਿਸ ਨੂੰ ਉਨ੍ਹਾਂ ਦਾ ਦੇਸ਼ ਹਮੇਸ਼ਾਂ ਯਾਦ ਰੱਖੇਗਾ । ਉਨ੍ਹਾਂ ਕਿਹਾ, ‘ਹੁਣ ਅਸੀਂ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਅਸੀਂ ਭਾਰਤ ਲਈ ਅਤੇ ਉਸਦੇ ਨਾਲ ਖੜ੍ਹੇ ਹਾਂ। ਅਸੀਂ ਕੋਵਿਡ-19 ਨਾਲ ਮਿਲ ਕੇ ਲੜ ਰਹੇ ਹਾਂ। ‘
ਦੱਸ ਦੇਈਏ ਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਬੁੱਧਵਾਰ ਨੂੰ ਤਿੰਨ ਦਿਨਾਂ ਦੌਰੇ ‘ਤੇ ਵਾਸ਼ਿੰਗਟਨ ਪਹੁੰਚੇ । ਬਾਇਡੇਨ ਪ੍ਰਸ਼ਾਸਨ ਵਿੱਚ ਭਾਰਤ ਵੱਲੋਂ ਇਹ ਕੈਬਨਿਟ ਪੱਧਰ ਦੇ ਮੰਤਰੀ ਦਾ ਪਹਿਲਾ ਦੌਰਾ ਹੈ। ਜੈਸ਼ੰਕਰ ਨੇ ਬਿਲਕੇਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ‘ਅਸੀਂ ਬਹੁਤ ਸਾਰੇ ਮੁੱਦਿਆਂ ‘ਤੇ ਚਰਚਾ ਕੀਤੀ। ਮੈਨੂੰ ਲੱਗਦਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਪਿਛਲੇ ਸਾਲਾਂ ਵਿੱਚ ਬਹੁਤ ਮਜ਼ਬੂਤ ਹੋਏ ਹਨ।