US Special Envoy John Kerry said: ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੇ ਵਿਸ਼ੇਸ਼ ਦੂਤ ਜੋਨ ਕੈਰੀ ਨੇ ਕਿਹਾ ਹੈ ਕਿ ਜਲਵਾਯੂ ਤਬਦੀਲੀ ਖਿਲਾਫ ਲੜਾਈ ਵਿੱਚ ਵਿਸ਼ਵ ਪੱਧਰ ‘ਤੇ ਭਾਰਤ ਦੀ ਇੱਕ ਵੱਡੀ ਭੂਮਿਕਾ ਹੈ। ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਭਾਰਤ ਦੌਰੇ ‘ਤੇ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਭਾਰਤ ਵੱਲੋਂ ਚੁੱਕੇ ਜਾਣ ਵਾਲੇ ਕਦਮ ਫੈਸਲਾਕੁੰਨ ਸਾਬਿਤ ਹੋਣਗੇ ਅਤੇ ਇਹ ਤੈਅ ਕਰਨਗੇ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਤਬਦੀਲੀ ਦੇ ਕਿ ਮਾਇਨੇ ਹੋਣਗੇ।
ਇਸ ਮੌਕੇ ਜੋਨ ਕੈਰੀ ਨੇ ਭਾਰਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਭਾਰਤ ਕੋਲ ਵਿਕਾਸ ਦੇ ਜ਼ਬਰਦਸਤ ਮੌਕੇ ਹਨ । ਕੋਰੋਨਾ ਮਹਾਂਮਾਰੀ ਵਿਚਾਲੇ ਭਾਰਤ ਨੇ ਵੈਕਸੀਨ ਦਾ ਨਿਰਮਾਣ ਤੇ ਵੱਡੇ ਪੱਧਰ ‘ਤੇ ਉਤਪਾਦਨ ਕਰ ਉਸਨੂੰ ਦੂਜੇ ਦੇਸ਼ਾਂ ਨੂੰ ਵੀ ਸਪਲਾਈ ਕੀਤਾ ਹੈ। ਜਲਵਾਯੂ ਵਿੱਚ ਤਬਦੀਲੀ ਨੂੰ ਲੈ ਕੇ ਭਾਰਤ ਵਿੱਚ ਅਜਿਹੇ ਕਈ ਕੰਮ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ । ਭਾਰਤ ਬਿਨ੍ਹਾਂ ਕਿਸੇ ਸ਼ੱਕ ਦੇ ਇੱਕ ਲੀਡਰ ਹੈ ।
ਲਿੰਗਕ ਬਰਾਬਰੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਨਾਲ ਨਾ ਸਿਰਫ ਆਰਥਿਕ ਤਰੱਕੀ ਅਤੇ ਵਿਕਾਸ ਹੁੰਦਾ ਹੈ, ਬਲਕਿ ਜਲਵਾਯੂ ਤਬਦੀਲੀ ਦੇ ਖਤਰੇ ਨਾਲ ਨਜਿੱਠਣ ਲਈ ਵੀ ਜ਼ਰੂਰੀ ਹੈ। ਉਨ੍ਹਾਂ ਨੇ ਸਾਊਥ ਏਸ਼ੀਆ ਵੂਮੈਨ ਇਨ ਐਨਰਜੀ (SAWIE) ਦੇ ਡਿਜੀਟਲ ਪ੍ਰੋਗਰਾਮ ਵਿੱਚ ਜਲਵਾਯੂ ਤਬਦੀਲੀ ਦੇ ਪ੍ਰਸੰਗ ਵਿੱਚ ਭਾਰਤ-ਅਮਰੀਕਾ ਸਬੰਧਾਂ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੀ ਵਿਸ਼ਵਵਿਆਪੀ ਪੜਾਅ ‘ਤੇ ਇੱਕ ਵੱਡੀ ਭਾਗੀਦਾਰੀ ਹੈ ।
ਇਸ ਕਾਨਫਰੰਸ ਵਿੱਚ ਭਾਰਤ ਅਤੇ ਅਮਰੀਕਾ ਸਣੇ ਦੱਖਣੀ ਏਸ਼ੀਆ ਦੇ ਕਈ ਮਾਹਿਰਾਂ ਨੇ ਜਲਵਾਯੂ ਸੰਕਟ ਨਾਲ ਲੜਨ ਵਿੱਚ ਲਿੰਗਕ ਸਮਾਨਤਾ ਦੀ ਭੂਮਿਕਾ ਬਾਰੇ ਵਿਚਾਰ ਵਟਾਂਦਰੇ ਕੀਤੇ । US India Strategic Partnership Forum (USISPF) ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਮੁਕੇਸ਼ ਅਘੀ ਨੇ ਕਿਹਾ, “ਸਾਨੂੰ ਕੋਰੋਨਾ ਵਾਇਰਸ ਦੀ ਤਰ੍ਹਾਂ ਹੀ ਜਲਵਾਯੂ ਤਬਦੀਲੀ ਦੇ ਖ਼ਤਰੇ ਨਾਲ ਨਜਿੱਠਣ ਲਈ ਤੁਰੰਤ ਕਾਰਜ ਯੋਜਨਾ ਦੀ ਲੋੜ ਹੈ।”