ਭਾਰਤ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਨੇ ਜਾਪਾਨ ਅਤੇ ਸ੍ਰੀਲੰਕਾ ਵਿੱਚ ਵੀ ਤੇਜ਼ੀ ਨਾਲ ਫੈਲਣਾ ਸ਼ੁਰੂ ਕਰ ਦਿੱਤਾ ਹੈ । ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਵਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚਾਲੇ ਅਮਰੀਕੀ ਵਿਦੇਸ਼ ਵਿਭਾਗ ਨੇ ਯਾਤਰਾ ਕਰਨ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ।
ਵਿਦੇਸ਼ ਵਿਭਾਗ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਹਫ਼ਤੇ ਯਾਤਰਾ ਦੀ ਸਲਾਹ ਦਾ ਮੁਲਾਂਕਣ ਕੀਤਾ ਗਿਆ ਹੈ ਅਤੇ ਅਪਡੇਟਸ ਦੇ ਨਾਲ ਇਸ ਨੂੰ ਫਿਰ ਜਾਰੀ ਕੀਤਾ ਗਿਆ ਹੈ, ਇਸਦਾ ਪੱਧਰ 4 ਤੱਕ ਵਧਾ ਦਿੱਤਾ ਗਿਆ ਹੈ, ਨਾਲ ਹੀ ਜਾਪਾਨ ਅਤੇ ਸ੍ਰੀਲੰਕਾ ਦੀ ਯਾਤਰਾ ਨਾ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ।
ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਇੱਕ ਨਵੇਂ ਅਲਰਟ ਵਿੱਚ ਕਿਹਾ ਕਿ ਅਮਰੀਕੀਆਂ ਨੂੰ ਜਾਪਾਨ ਦੀ ਹਰ ਯਾਤਰਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਜੇ ਕੋਈ ਯਾਤਰਾ ਕਰਨਾ ਚਾਹੁੰਦਾ ਹੈ ਤਾਂ ਉਹ ਪਹਿਲਾਂ ਟੀਕਾ ਲਗਵਾ ਸਕਦਾ ਹੈ ਅਤੇ ਫਿਰ ਯਾਤਰਾ ਕਰ ਸਕਦਾ ਹੈ।
ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਜਾਪਾਨ ਵਿੱਚ ਮੌਜੂਦਾ ਸਥਿਤੀ ਦੇ ਕਾਰਨ ਪੂਰੀ ਤਰਾਂ ਵੈਕਸੀਨ ਲਗਾਏ ਗਏ ਯਾਤਰੀਆਂ ਵਿੱਚ ਵੀ ਕੋਵਿਡ-19 ਵੈਰੀਐਂਟ ਮਿਲਣ ਤੇ ਫੈਲਣ ਦਾ ਖ਼ਤਰਾ ਹੋ ਸਕਦਾ ਹੈ ਅਤੇ ਉਨ੍ਹਾਂ ਨੂੰ ਜਾਪਾਨ ਦੀ ਯਾਤਰਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਜਾਣਕਾਰੀ ਦੇ ਅਨੁਸਾਰ ਜੁਲਾਈ ਵਿੱਚ ਟੋਕਿਓ ਵਿੱਚ ਓਲੰਪਿਕ ਆਯੋਜਿਤ ਹੋਣਾ ਹੈ, ਪਰ ਇਸ ਤੋਂ ਕੁਝ ਸਮਾਂ ਪਹਿਲਾਂ ਕੋਵਿਡ ਦਾ ਵਧਣਾ ਚਿੰਤਾ ਦਾ ਵਿਸ਼ਾ ਹੈ । ਮਹਾਂਮਾਰੀ ਦੇ ਕਾਰਨ ਓਲੰਪਿਕਸ ਨੂੰ ਪਹਿਲਾਂ ਵੀ ਮੁਲਤਵੀ ਕੀਤਾ ਜਾ ਚੁੱਕਿਆ ਹੈ। ਜਾਪਾਨ ਵਿੱਚ ਕੋਵਿਡ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਐਤਵਾਰ ਤੱਕ ਸੱਤ ਲੱਖ ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।