ਭਾਰਤ ਅਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਸਾਹਿਬ ਲਾਂਘਾ 611 ਦਿਨਾਂ ਬਾਅਦ ਅੱਜ ਯਾਨੀ ਬੁੱਧਵਾਰ ਨੂੰ ਮੁੜ ਖੁੱਲ੍ਹ ਗਿਆ ਹੈ। ਪਹਿਲੇ ਦਿਨ ਇਸ ਲਾਂਘੇ ਤੋਂ ਕੁਝ ਵੀਆਈਪੀ ਅਤੇ ਸਰਕਾਰੀ ਅਧਿਕਾਰੀ ਕਰਤਾਰਪੁਰ ਸਾਹਿਬ ਜਾ ਰਹੇ ਹਨ। ਅੱਜ ਜਾਣ ਵਾਲੇ ਕੁੱਲ 100 ਅਧਿਕਾਰੀਆਂ ਵਿੱਚ ਕੇਂਦਰ ਅਤੇ ਪੰਜਾਬ ਦੇ 50-50 ਅਧਿਕਾਰੀ ਸ਼ਾਮਲ ਹਨ। ਅਧਿਕਾਰੀਆਂ ਦੀ ਟੀਮ ਨੂੰ ਵਿਸ਼ੇਸ਼ ਇਜਾਜ਼ਤ ਤੋਂ ਬਾਅਦ ਸਰਹੱਦ ਪਾਰ ਕਰਵਾਈ ਜਾਵੇਗੀ ਅਤੇ ਇਹ ਟੀਮ ਸ਼ਾਮ ਤੱਕ ਵਾਪਸ ਆ ਜਾਵੇਗੀ। ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਕੈਬਨਿਟ ਸਮੇਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ।
ਅੱਜ ਰਵਾਨਾ ਹੋਣ ਵਾਲੇ ਅਧਿਕਾਰੀਆਂ ਲਈ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣੀਆਂ ਜ਼ਰੂਰੀ ਜਨ। ਇਸ ਤੋਂ ਇਲਾਵਾ ਲੋਕਾਂ ਨੂੰ ਕੋਵਿਡ ਪ੍ਰੋਟੋਕੋਲ ਦੀ ਵੀ ਪਾਲਣਾ ਕਰਨੀ ਪਵੇਗੀ। ਫਿਲਹਾਲ ਆਮ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਲਾਂਘੇ ਤੋਂ ਦਰਸ਼ਨਾਂ ਲਈ 8 ਤੋਂ 10 ਦਿਨ ਉਡੀਕ ਕਰਨੀ ਪਵੇਗੀ। ਗ੍ਰਹਿ ਮੰਤਰਾਲੇ ਨੇ ਅਜੇ ਤੱਕ ਕਰਤਾਰਪੁਰ ਲਾਂਘੇ ਲਈ ਆਨਲਾਈਨ ਅਰਜ਼ੀਆਂ ਨੂੰ ਸਵੀਕਾਰ ਕਰਨਾ ਸ਼ੁਰੂ ਨਹੀਂ ਕੀਤਾ ਹੈ। 16 ਮਾਰਚ 2020 ਤੋਂ ਕਰਤਾਰਪੁਰ ਸਾਹਿਬ ਲਾਂਘੇ ਲਈ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਗਈ ਸੀ। ਹੁਣ ਪੂਰੇ 1 ਸਾਲ 8 ਮਹੀਨੇ ਬਾਅਦ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇੱਕ ਪਾਸੇ ਜਿੱਥੇ ਗੁਰਪੁਰਬ ਆਉਣ ਵਾਲਾ ਹੈ ਉੱਥੇ ਹੀ ਭਾਰਤ ਸਰਕਾਰ ਦੇ ਇਸ ਫੈਸਲੇ ਕਾਰਨ ਸਿੱਖ ਕੌਮ ਵਿੱਚ ਖੁਸ਼ੀ ਦੀ ਲਹਿਰ ਹੈ।
ਸਿਰਫ਼ ਉਨ੍ਹਾਂ ਲੋਕਾਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾਈਆਂ ਹਨ। ਸ਼ਰਧਾਲੂਆਂ ਨੂੰ RT-PCR ਨੈਗੇਟਿਵ ਰਿਪੋਰਟ ਵੀ ਨਾਲ ਲੈ ਕੇ ਜਾਣੀ ਪਵੇਗੀ, ਜੋ ਕਿ 72 ਘੰਟਿਆਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਅਸਲ ਵਿਚ ਪਾਕਿਸਤਾਨ ਨੇ ਇਨ੍ਹਾਂ ਦੋਵਾਂ ਚੀਜ਼ਾਂ ਲਈ ਭਾਰਤ ਨੂੰ ਬੇਨਤੀ ਕੀਤੀ ਸੀ। ਇਸ ਤੋਂ ਬਾਅਦ ਭਾਰਤ ਤੋਂ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਸਹਿਮਤੀ ਬਣੀ। ਜਾਣਕਾਰੀ ਸਾਹਮਣੇ ਆਈ ਹੈ ਕਿ ਸ਼ਰਧਾਲੂ ਪਾਕਿਸਤਾਨ ਦੀ ਸਰਹੱਦ ‘ਚ ਦਾਖਲ ਹੋਣ ਤੋਂ ਬਾਅਦ ਉਨ੍ਹਾਂ ਦਾ ਰੈਪਿਡ ਐਂਟੀਜੇਨ ਟੈਸਟ ਵੀ ਹੋਵੇਗਾ। ਇਸ ਤੋਂ ਇਲਾਵਾ ਪਾਕਿਸਤਾਨ ‘ਚ ਕੋਈ ਹੋਰ ਟੈਸਟ ਨਹੀਂ ਹੋਵੇਗਾ। ਜਿਹੜਾ ਵੀ ਯਾਤਰੀ ਕਰਤਾਰਪੁਰ ਸਾਹਿਬ ਜਾਵੇਗਾ, ਉਸ ਨੂੰ ਉਸੇ ਦਿਨ ਸ਼ਾਮ ਨੂੰ ਵਾਪਸ ਪਰਤਣਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -: