Washington DC shooting: ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਇੱਕ ਪਾਰਟੀ ਦੌਰਾਨ ਫਾਇਰਿੰਗ ਹੋ ਗਈ। ਇਸ ਫਾਇਰਿੰਗ ਦੀ ਘਟਨਾ ਵਿੱਚ 1 ਵਿਅਕਤੀ ਦੀ ਮੌਤ ਹੋ ਗਈ, ਜਦਕਿ 20 ਲੋਕ ਜ਼ਖਮੀ ਹੋ ਗਏ। ਇਸ ਮਾਮਲੇ ਵਿੱਚ ਪੁਲਿਸ ਅਨੁਸਾਰ ਇਹ ਗੋਲੀਬਾਰੀ ਇੱਕ ਆਊਟਡੋਰ ਪਾਰਟੀ ਦੌਰਾਨ ਹੋਈ । ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਮੁਖੀ ਪੀਟਰ ਨਿਊਜ਼ਹੈਮ ਨੇ ਕਿਹਾ ਕਿ ਗੋਲੀਬਾਰੀ ਉਦੋਂ ਹੋਈ ਜਦੋਂ ਕੁਝ ਲੋਕ ਆਊਟਡੋਰ ਪਾਰਟੀ ਦੌਰਾਨ ਖਾਣਾ ਖਾ ਰਹੇ ਸਨ। ਇਸ ਘਟਨਾ ਵਿੱਚ ਇੱਕ 17 ਸਾਲਾਂ ਲੜਕੇ ਦੀ ਮੌਤ ਹੋ ਗਈ ਹੈ । ਪੁਲਿਸ ਅਨੁਸਾਰ ਇਸ ਦੌਰਾਨ ਕਈ ਹਥਿਆਰਾਂ ਨਾਲ ਫਾਇਰਿੰਗ ਕੀਤੀ ਗਈ । ਇਸ ਘਟਨਾ ਦੇ ਸਬੰਧ ਵਿੱਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
ਇਸ ਸਬੰਧੀ ਪੀਟਰ ਨਿਊਜ਼ਹੈਮ ਨੇ ਕਿਹਾ ਕਿ ਕੋਵਿਡ -19 ਦੌਰਾਨ ਅਸੀਂ ਅਜਿਹੀ ਪਾਰਟੀ ਬਰਦਾਸ਼ਤ ਨਹੀਂ ਕਰ ਸਕਦੇ। ਇਹ ਬਹੁਤ ਖ਼ਤਰਨਾਕ ਹੈ। ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਅਜਿਹੀ ਸ਼ੂਟਿੰਗ ਕਿਸੇ ਪਾਰਟੀ ਵਿੱਚ ਹੋਵੇਗੀ। ਉੱਥੇ ਹੀ ਦੂਜੇ ਪਾਸੇ ਵਾਸ਼ਿੰਗਟਨ ਡੀਸੀ ਦੇ ਮੇਅਰ ਨੇ ਕਿਹਾ ਕਿ ਕੋਲੰਬੀਆ ਜ਼ਿਲ੍ਹੇ ਦੀਆਂ ਸੜਕਾਂ ‘ਤੇ ਸ਼ਰਾਬ ਪੀਣਾ ਗੈਰ-ਕਾਨੂੰਨੀ ਹੈ। ਇੱਕ ਜਗ੍ਹਾ 50 ਤੋਂ ਵੱਧ ਲੋਕਾਂ ਨੂੰ ਇਕੱਠਾ ਕਰਨਾ ਵੀ ਗੈਰ-ਕਾਨੂੰਨੀ ਹੈ। ਇਹ ਸਾਰੀਆਂ ਚੀਜ਼ਾਂ ਸਹੀ ਨਹੀਂ ਹਨ। ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਵੱਡੇ ਸਮਾਗਮ ਨਹੀਂ ਕਰ ਸਕਦੇ, ਤਾਂ ਇਸਦਾ ਉਦੇਸ਼ ਲੋਕਾਂ ਨੂੰ ਸੁਰੱਖਿਅਤ ਰੱਖਣਾ ਹੈ।