White House says Covid Vaccine: ਵਾਸ਼ਿੰਗਟਨ: ਕੋਰੋਨਾ ਵਾਇਰਸ ਦੀ ਲਾਗ ਕਾਰਨ ਹੁਣ ਤੱਕ ਭਾਰਤ ਵਿੱਚ 57 ਲੱਖ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ । ਉੱਥੇ ਹੀ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਨੇ ਸਵਾ ਤਿੰਨ ਕਰੋੜ ਤੋਂ ਵੱਧ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਬਹੁਤ ਸਾਰੇ ਦੇਸ਼ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵੈਕਸੀਨ ‘ਤੇ ਵੀ ਕੰਮ ਕਰ ਰਹੇ ਹਨ। ਇਸ ਦੌਰਾਨ ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ -19 ਵੈਕਸੀਨ ਸਾਲ ਦੇ ਅੰਤ ਤੱਕ ਆਉਣ ਦੀ ਉਮੀਦ ਹੈ, ਅਤੇ ਜੇ ਅਜਿਹਾ ਹੁੰਦਾ ਹੈ ਤਾਂ ਕਿਸੇ ਵੀ ਵਾਇਰਸ ਦੇ ਟੀਕੇ ਦਾ ਵਿਕਾਸ ਕਰਨ ਲਈ ਇਹ ਸਭ ਤੋਂ ਘੱਟ ਸਮਾਂ ਹੋਵੇਗਾ।
ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਲੀ ਮੇਕਨੈਨੀ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਅਸੀਂ ਉਮੀਦ ਕਰ ਰਹੇ ਹਾਂ ਕਿ ਇਹ ਵੈਕਸੀਨ ਸਾਲ ਦੇ ਅੰਤ ਤੱਕ ਪਹੁੰਚ ਜਾਵੇਗੀ। ਇਹ ਹਮੇਸ਼ਾਂ ਸਾਡਾ ਟੀਚਾ ਰਿਹਾ ਹੈ ਅਤੇ ਅਸੀਂ ਇਸ ‘ਤੇ ਕੰਮ ਕਰ ਰਹੇ ਹਾਂ ।” ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਪਾਰਕ ਪੱਧਰ ‘ਤੇ ਨਿਰਮਾਣ ਦੇ ਸਬੰਧ ਵਿੱਚ ਜੋ ਕੀਤਾ ਹੈ ਉਹ ਬਹੁਤ ਮਹੱਤਵਪੂਰਨ ਹੈ।
ਮੈਕਨੈਨੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਪਹਿਲਾਂ ਹੀ ਵੈਕਸੀਨ ਬਣਾਉਣ ਦੀ ਸਮਰੱਥਾ ਵਧਾਉਣ ਦੀ ਤਿਆਰੀ ਕਰ ਲਈ ਹੈ। ਉਹ ਇੱਕ ਉਦਯੋਗਪਤੀ ਹਨ, ਇਸ ਲਈ ਉਹ ਰਿਕਾਰਡ ਸਮੇਂ ਵਿੱਚ ਟੀਕੇ ਲਿਆਉਣ ਅਤੇ ਵੰਡਣ ਬਾਰੇ ਸੋਚਦੇ ਹਨ। ਉਨ੍ਹਾਂ ਨੇ ਕਿਹਾ, “ਅਜਿਹਾ ਕਰਨ ਲਈ, ਆਮ ਤੌਰ ‘ਤੇ ਵਪਾਰਕ ਪੱਧਰ ਦੇ ਉਤਪਾਦਨ ਵਿੱਚ ਕਈਂ ਸਾਲ ਲੱਗਦੇ ਹਨ, ਪਰ ਰਾਸ਼ਟਰਪਤੀ ਨੇ ਕੁਝ ਮਹੀਨਿਆਂ ਵਿੱਚ ਇਹ ਕਰ ਦਿੱਤਾ । ਜੇ ਇਹ ਟੀਕਾ ਸਾਲ ਦੇ ਅੰਤ ਤੱਕ ਆ ਜਾਂਦਾ ਹੈ, ਤਾਂ ਇਹ ਹੁਣ ਤੱਕ ਦਾ ਵਾਇਰਸ ਟੀਕਾ ਲਗਵਾਉਣ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਸਮਾਂ ਹੋਵੇਗਾ।”
ਦੱਸ ਦਈਏ ਕਿ ਦੁਨੀਆ ਦੇ ਤਿੰਨ ਦੇਸ਼ਾਂ ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ਵਿੱਚ ਕੋਰੋਨਾ ਮਹਾਂਮਾਰੀ ਦਾ ਸਭ ਤੋਂ ਜ਼ਿਆਦਾ ਡਰ ਹੈ । ਇੱਥੇ ਕੋਰੋਨਾ ਵਾਇਰਸ ਫੈਲਦਾ ਹੀ ਜਾ ਰਿਹਾ ਹੈ। ਕੋਰੋਨਾ ਦੇ ਮਾਮਲੇ ਭਾਰਤ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਹਨ। ਹੁਣ ਤੱਕ ਦੁਨੀਆ ਭਰ ਵਿੱਚ 3 ਕਰੋੜ 23 ਲੱਖ ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਸ ਵਿਚੋਂ 9 ਲੱਖ 87 ਹਜ਼ਾਰ (3.04%) ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਜਦੋਂਕਿ ਕੁੱਲ 2 ਕਰੋੜ 39 ਲੱਖ (74%) ਮਰੀਜ਼ ਠੀਕ ਹੋ ਚੁੱਕੇ ਹਨ।