World Happiness Report 2021: ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਹੋਈ ਹੈ। ਹੁਣ ਤੱਕ 27 ਲੱਖ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਇਸ ਦੌਰਾਨ ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਕੋਰੋਨਾ ਸੰਕਟ ਦੌਰਾਨ ਵੀ ਫਿਨਲੈਂਡ ਦੇ ਲੋਕ ਸਭ ਤੋਂ ਵੱਧ ਖੁਸ਼ ਰਹੇ ਹਨ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ‘ਵਰਲਡ ਹੈਪੀਨੇਸ ਰਿਪੋਰਟ’ ਵਿੱਚ ਫਿਨਲੈਂਡ ਲਗਾਤਾਰ ਚੌਥੇ ਸਾਲ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਪਾਇਆ ਗਿਆ ਹੈ। ਇਸ ਦੇ ਨਾਲ ਹੀ ਭਾਰਤ 149 ਦੇਸ਼ਾਂ ਦੀ ਇਸ ਸੂਚੀ ਵਿੱਚ 139ਵੇਂ ਨੰਬਰ ‘ਤੇ ਹੈ। ‘ਵਰਲਡ ਹੈਪੀਨੇਸ ਰਿਪੋਰਟ’ ਵਿੱਚ ਪਾਇਆ ਗਿਆ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਸਬਕ ਲੈਂਦੇ ਹੋਏ ਪੂੰਜੀ ਨਹੀਂ ਸਿਹਤ ‘ਤੇ ਜ਼ੋਰ ਦੇਣਾ ਪਵੇਗਾ। ਸੰਯੁਕਤ ਰਾਸ਼ਟਰ ਦੇ ਸਥਾਈ ਵਿਕਾਸ ਸਲਿਊਸ਼ਨਜ਼ ਨੈਟਵਰਕ ਵੱਲੋਂ ਜਾਰੀ ਕੀਤੀ ਗਈ ਵਰਲਡ ਹੈਪੀਨੇਸ ਰਿਪੋਰਟ ਦੇ ਅਨੁਸਾਰ ਖੁਸ਼ਹਾਲ ਦੇਸ਼ਾਂ ਦੀ ਸੂਚੀ ਵਿੱਚ ਡੈਨਮਾਰਕ ਦੂਜੇ, ਸਵਿਟਜ਼ਰਲੈਂਡ ਤੀਜੇ ਨੰਬਰ ‘ਤੇ ਹੈ। ਦਰਅਸਲ, ਪੰਜ ਸਭ ਤੋਂ ਵੱਧ ਖੁਸ਼ਹਾਲ ਦੇਸ਼ਾਂ ਦੀ ਸੂਚੀ ਵਿੱਚ ਫਿਨਲੈਂਡ, ਡੈਨਮਾਰਕ, ਸਵਿਜ਼ਰਲੈਂਡ, ਆਇਸਲੈਂਡ, ਨੀਦਰਲੈਂਡ ਆਦਿ ਸ਼ਾਮਿਲ ਹਨ।
ਰਿਪੋਰਟ ਅਨੁਸਾਰ ਟਾਪ-10 ਵਿੱਚ ਸ਼ਾਮਿਲ ਇਕਲੌਤਾ ਗੈਰ-ਯੂਰਪੀਅਨ ਦੇਸ਼ ਨਿਊਜ਼ੀਲੈਂਡ ਇੱਕ ਅੰਕ ਦੀ ਗਿਰਾਵਟ ਨਾਲ 9ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਪਿਛਲੇ ਸਾਲ ਇਸ ਸੂਚੀ ਵਿੱਚ 18ਵੇਂ ਨੰਬਰ ‘ਤੇ ਸੀ ਜੋ ਇਸ ਵਾਰ 14ਵੇਂ ਨੰਬਰ ‘ਤੇ ਹੈ। ਇਸੇ ਤਰ੍ਹਾਂ ਬ੍ਰਿਟੇਨ ਪੰਜ ਅੰਕ ਖਿਸਕ ਕੇ 18ਵੇਂ ਨੰਬਰ ‘ਤੇ ਆ ਗਿਆ ਹੈ। ਰਿਪੋਰਟ ਤਿਆਰ ਕਰਨ ਵਿੱਚ 149 ਦੇਸ਼ਾਂ ਵਿੱਚ ਤੰਦਰੁਸਤੀ ਦੇ ਪੱਧਰ ਨੂੰ ਨਿਰਧਾਰਤ ਕਰਨ ਲਈ ਗੈਲਪ ਦੇ ਅੰਕੜਿਆਂ ਦੀ ਵਰਤੋਂ ਕੀਤੀ ਗਈ ਹੈ।
ਰਿਪੋਰਟ ਦੇ ਅਨੁਸਾਰ ਬੁਰੂੰਡੀ, ਯਮਨ, ਤਨਜ਼ਾਨੀਆ, ਹੈਤੀ, ਮਾਲਾਵੀ, ਲੈਸੋਥੋ, ਬੋਤਸਵਾਨਾ, ਰਵਾਂਡਾ, ਜ਼ਿੰਬਾਬਵੇ ਅਤੇ ਅਫਗਾਨਿਸਤਾਨ ਭਾਰਤ ਨਾਲੋਂ ਘੱਟ ਖੁਸ਼ਹਾਲ ਦੇਸ਼ ਹਨ । ਇਸੇ ਤਰ੍ਹਾਂ ਗੁਆਂਢੀ ਦੇਸ਼ ਚੀਨ ਪਿਛਲੇ ਸਾਲ ਇਸ ਸੂਚੀ ਵਿੱਚ 94ਵੇਂ ਨੰਬਰ ‘ਤੇ ਸੀ, ਜੋ ਹੁਣ 19ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਨੇਪਾਲ 87ਵੇਂ, ਬੰਗਲਾਦੇਸ਼ 101, ਪਾਕਿਸਤਾਨ 105, ਮਿਆਂਮਾਰ 126 ਅਤੇ ਸ੍ਰੀਲੰਕਾ 129ਵੇਂ ਨੰਬਰ ‘ਤੇ ਹੈ।
ਦੱਸ ਦੇਈਏ ਕਿ ਇਸ ਰਿਪੋਰਟ ਅਨੁਸਾਰ ਮਹਾਂਮਾਰੀ ਦੇ ਵਿਚਕਾਰ ਫਿਨਲੈਂਡ ਵਿੱਚ ਲੋਕਾਂ ਵਿੱਚ ਆਪਸੀ ਵਿਸ਼ਵਾਸ ਵੇਖਿਆ ਗਿਆ। ਇੱਥੋਂ ਦੇ ਲੋਕਾਂ ਵਿੱਚ ਇੱਕ ਦੂਜੇ ਦੀ ਜਾਨ ਬਚਾਉਣ ਅਤੇ ਮਦਦ ਕਰਨ ਦੀ ਭਾਵਨਾ ਵੇਖੀ ਗਈ। ਰਿਪੋਰਟ ਪੇਸ਼ ਕਰਨ ਵਾਲੇ ਜੈਫਰੀ ਸਚਸ ਦਾ ਕਹਿਣਾ ਹੈ ਕਿ ਸਾਨੂੰ ਕੋਰੋਨਾ ਮਹਾਂਮਾਰੀ ਤੋਂ ਸਿੱਖਣ ਦੀ ਜ਼ਰੂਰਤ ਹੈ। ਮਹਾਂਮਾਰੀ ਨੇ ਵਿਸ਼ਵ ਨੂੰ ਦੱਸਿਆ ਹੈ ਕਿ ਪੂੰਜੀ ਨਾਲੋਂ ਜ਼ਿਆਦਾ ਜ਼ੋਰ ਸਿਹਤ ‘ਤੇ ਦੇਣਾ ਪਵੇਗਾ।